ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਭਾਰਤ ਲਈ ‘ਸੰਤਰੀ’ ਚਿਤਾਵਨੀ ਜਾਰੀ ਕਰਦਿਆਂ ਅਗਲੇ ਦੋ ਤੋਂ ਤਿੰਨ ਤੱਕ ਭਾਰੀ ਮੀਂਹ ਤੇ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਕਿਹਾ ਕਿ ਇਹ ਇਸ ਮੌਸਮ ਦੀ ਪਹਿਲੀ ਪੱਛਮੀ ਗੜਬੜ ਹੈ ਅਤੇ ਇਹ 17 ਅਕਤੂਬਰ ਤੱਕ ਉੱਤਰ-ਪੱਛਮ ਤੇ ਮੱਧ ਭਾਰਤ ਨੂੰ ਪ੍ਰਭਾਵਿਤ ਕਰੇਗੀ। ਵਿਭਾਗ ਨੇ ਕਿਹਾ ਕਿ 16 ਅਕਤੂਬਰ ਨੂੰ ਪੰਜਾਬ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚ ਹਨੇਰੀ ਚੱਲ ਸਕਦੀ ਹੈ। ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜ ਦੇ ਅਸਰ ਨਾਲ ਮੱਧ ਪਾਕਿਸਤਾਨ ਤੇ ਗੁਆਂਢੀ ਖੇਤਰਾਂ ’ਚ ਇੱਕ ਚੱਕਰਵਾਤ ਬਣਿਆ ਹੈ। 15 ਅਕਤੂਬਰ ਨੂੰ ਇੱਕ ਹੋਰ ਪੱਛਮੀ ਗੜਬੜ ਦੇ ਨਾਲ ਰਲਣ ਦੀ ਸੰਭਾਵਨਾ ਨਾਲ ਇਹ ਹੋਰ ਤੇਜ਼ ਹੋ ਸਕਦਾ ਹੈ।