ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਸਰਦੀਆਂ ਦੇ ਪਹਿਲੇ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਮੀਂਹ ਨਾਲ ਗੜੇ ਵੀ ਪਏ ਜਿਸ ਕਾਰਨ ਠੰਢ ਵਧ ਗਈ ਹੈ। ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 54.5 ਐੱਮਐੱਮ ਮੀਂਹ ਪਿਆ ਹੈ ਜਦਕਿ ਇਸ ਤੋਂ ਪਹਿਲਾਂ ਨਵੰਬਰ 1961 ਵਿੱਚ ਸਭ ਤੋਂ ਵੱਧ 24 ਐੱਮਐੱਮ ਮੀਂਹ ਪਿਆ ਸੀ।
ਮੀਂਹ ਤੇ ਗੜਿਆਂ ਕਾਰਨ ਸ਼ਹਿਰ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 8.7 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਸ਼ਹਿਰ ਵਿੱਚ ਅੱਜ ਤੇ ਭਲਕ ਸੰਘਣੀ ਧੁੰਦ ਪੈਣ ਤੇ ਹਲਕੀ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਵੀਰਵਾਰ ਤੜਕੇ ਡੇਢ ਕੁ ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜੋ ਵੀਰਵਾਰ ਸ਼ਾਮ ਤੱਕ ਰੁੱਕ-ਰੁੱਕ ਕੇ ਪੈਂਦਾ ਰਿਹਾ ਹੈ। ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ਜਲਥਲ ਹੋ ਗਈਆਂ, ਜਿਸ ਕਰਕੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸੈਕਟਰ-19 ਵਿੱਚ ਦਰੱਖਤ ਡਿੱਗ ਗਿਆ, ਜਿਸ ਕਰਕੇ ਆਵਾਜਈ ਬੰਦ ਹੋ ਗਈ। ਸੈਕਟਰ-20 ਵਿੱਚ ਪੈਟਰੋਲ ਪੰਪ ਦੇ ਨਜ਼ਦੀਕ ਸੜਕ ਧੱਸ ਗਈ। ਉੱਥੇ ਹੀ ਸੈਕਟਰ-55 ਵਿੱਚ ਮੀਂਹ ਸੜਕਾਂ ’ਤੇ ਘੁੰਮਦਾ ਰਿਹਾ। ਅੱਜ ਦਿਨ ਸਮੇਂ ਇੰਡਸਟਰੀਅਲ ਏਰੀਆ ਵਿੱਚ ਸੀਟੀਯੂ ਵਰਕਸ਼ਾਪ ਦੇ ਨਜ਼ਦੀਕ ਅੰਡਰਪਾਸ ਵਿੱਚ ਵੀ ਪਾਣੀ ਭਰ ਗਿਆ ਸੀ, ਜਿਥੋਂ ਲੋਕਾਂ ਨੂੰ ਲੰਘਣ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪਾਣੀ ਖੜਾ ਹੋਣ ਕਰਕੇ ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ।

