ਸੁਨਾਮ ਊਧਮ ਸਿੰਘ ਵਾਲਾ, ਸੁਨਾਮ,ਜੋਗਿੰਦਰ,29-05-2023(ਪ੍ਰੈਸ ਕੀ ਤਾਕਤ)-ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਅੱਜ ਨਗਰ ਕੌਂਸਲ ਸੁਨਾਮ ਦੇ ਨਵੇਂ ਬਣੇ ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ ਅਤੇ ਮੀਤ ਪ੍ਰਧਾਨ ਗੁਰਤੇਜ ਸਿੰਘ ਨਿੱਕਾ ਵੱਲੋਂ ਦਫ਼ਤਰ ਨਗਰ ਕੌਂਸਲ ਵਿਖੇ ਆਪਣੇ ਅਹੁਦੇ ਸੰਭਾਲੇ ਗਏ।
ਇਸ ਮੌਕੇ ਦੋਵੇਂ ਅਹੁਦੇਦਾਰਾਂ ਸਮੇਤ ਕੌਂਸਲਰਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਭੇਟ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਹਰ ਕਾਰਜ ਨੂੰ ਸਫਲਤਾ ਨਾਲ ਪੂਰਾ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਨਗਰ ਕੌਂਸਲ ਦੀ ਸਮੁੱਚੀ ਟੀਮ ਦੀ ਤਰਫ਼ੋਂ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਲੋਕ ਹਿੱਤਾਂ ਨਾਲ ਸਬੰਧਿਤ ਹਰ ਛੋਟੀ ਵੱਡੀ ਜ਼ਰੂਰਤ ਨੂੰ ਯੋਜਨਾਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਗਲੇ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਸੁਨਾਮ ਸ਼ਹਿਰ ਵਿੱਚ ਸਾਫ ਸਫਾਈ ਮੁਹਿੰਮ ਨੂੰ ਸ਼ਾਨਦਾਰ ਢੰਗ ਨਾਲ ਆਰੰਭ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਸ਼ਹਿਰ ਦੇ ਸਰਵ ਪੱਖੀ ਵਿਕਾਸ ਲਈ ਵੱਡੀ ਗਿਣਤੀ ਯੋਜਨਾਵਾਂ ਨੂੰ ਯਕੀਨੀ ਬਣਾਉਣ ਲਈ ਤਰਜੀਹੀ ਆਧਾਰ ਉੱਤੇ ਕੰਮ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਨਗਰ ਕੌਂਸਲ ਦੀ ਸਮੁੱਚੀ ਟੀਮ ਨੂੰ ਮਿਲਵਰਤਣ ਨਾਲ ਕੰਮ ਕਰਦਿਆਂ ਹਮੇਸ਼ਾਂ ਲੋਕ ਭਲਾਈ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ ਸਮੇਤ ਹੋਰ ਕੌਂਸਲਰ ਤੇ ਪਤਵੰਤੇ ਵੀ ਹਾਜ਼ਰ ਸਨ।

