ਗ੍ਰੋਸ ਆਈਲੈਟ (ਸੇਂਟ ਲੂਸੀਆ), 24 ਜੂਨ (ਪ੍ਰੈਸ ਕੀ ਤਾਕਤ ਬਿਊਰੋ)
ਕਪਤਾਨ ਰੋਹਿਤ ਸ਼ਰਮਾ ਦੀਆਂ ਸਿਰਫ਼ 41 ਗੇਂਦਾਂ ‘ਤੇ 92 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਗਰੁੱਪ ਗੇੜ ‘ਚ ਆਸਟ੍ਰੇਲੀਆ ਵਿਰੁੱਧ ਆਪਣੇ ਮੈਚ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 205 ਦੌੜਾਂ ਬਣਾ ਲਈਆਂ ਹਨ। ਜਵਾਬ ‘ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ 7 ਵਿਕਟਾਂ ਦੇ ਨੁਕਸਾਨ ‘ਤੇ 181 ਦੌੜਾਂ ‘ਤੇ ਰੋਕ ਦਿੱਤਾ। ਆਸਟਰੇਲੀਆ ਲਈ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ, ਜਦਕਿ ਮਿਸ਼ੇਲ ਮਾਰਸ਼ ਨੇ 37 ਦੌੜਾਂ ਅਤੇ ਗਲੇਨ ਮੈਕਸਵੈੱਲ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ ਜਦਕਿ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ ਅਤੇ ਅਕਸ਼ਰ ਪਟੇਲ ਨੇ ਵੀ ਇਕ-ਇਕ ਵਿਕਟ ਲਈ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ, ਜਿੱਥੇ ਉਸਦਾ ਸਾਹਮਣਾ 27 ਜੂਨ ਨੂੰ ਇੰਗਲੈਂਡ ਨਾਲ ਹੋਵੇਗਾ।
