ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਅੱਜ ਇਥੇ ਕੌਮਾਂਤਰੀ ਪਤੰਗ ਮੇਲੇ ਦਾ ਉਦਘਾਟਨ ਕੀਤਾ। ਇਹ ਮੇਲਾ ਇਕ ਹਫਤਾ ਚੱਲੇਗਾ ਜਿਸ ਵਿੱਚ 55 ਦੇਸ਼ਾਂ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਲੋਕ ਭਾਗ ਲੈਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਆਰਥਿਕਤਾ ਨਵੀਆਂ ਬੁਲੰਦੀਆਂ ਛੂਹ ਰਹੀ ਹੈ। ਉਨ੍ਹਾਂ ਕਿਹਾ ਕਿ ਨਵਰਾਤਰੀ ਮੇਲਾ ਹੋਵੇ ਜਾਂ ਪਤੰਗਾਂ ਉਡਾਉਣ ਦਾ ਕੌਮਾਂਤਰੀ ਮੁਕਾਬਲਾ, ਗੁਜਰਾਤ ਨੇ ਹਮੇਸ਼ਾ ਹੀ ਆਪਣੇ ਸੂਬਾ ਵਾਸੀਆਂ ਨੂੰ ਸਭਿਆਚਾਰ ਤੇ ਤਾਕਤ ਦਾ ਅਹਿਸਾਸ ਕਰਵਾਇਆ ਹੈ। ਅਜਿਹੇ ਮੇਲੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਕਾਰੋਬਾਰੀਆਂ ਦੀ ਵਿੱਤੀ ਹਾਲਤ ’ਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਤੰਗ ਮੇਲਾ ਪੂਰੀ ਦੁਨੀਆ ’ਚ ਮਸ਼ਹੂਰ ਹੋ ਰਿਹਾ ਹੈ ਅਤੇ ਆਲਮੀ ਪੱਧਰ ਦੇ ਮੁਕਾਬਲਾਕਾਰੀ ਗੁਜਰਾਤ ਵੱਲ ਵਹੀਰਾਂ ਘੱਤ ਰਹੇ ਹਨ। ਮੁੱਖ ਮੰਤਰੀ ਪਟੇਲ ਨੇ ਕਿਹਾ ਕਿ ਵਾਈਬਰੈਂਟ ਗੁਜਰਾਤ ਆਲਮੀ ਸੰਮੇਲਨ 2024 ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਵੱਲੋਂ 10 ਜਨਵਰੀ ਨੂੰ ਗਾਂਧੀਨਗਰ ਵਿੱਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਦੇਸ਼ ਵਿੱਚ ਲੋਕ ਹਿੱਤ ਪਹੁੰਚ ਵਿਕਸਤ ਕੀਤੀ ਹੈ ਤਾਂ ਕਿ ਲੋਕ ਆਰਥਿਕ ਵਿਕਾਸ ਦਾ ਲਾਹਾ ਲੈ ਸਕਣ ਤੇ ਉਨ੍ਹਾਂ ਦੀ ਆਮਦਨ ’ਚ ਵਾਧਾ ਹੋ ਸਕੇੇ।
ਜ਼ਿਕਰਯੋਗ ਹੈ ਕਿ ਪਤੰਗਾਂ ਉਡਾਉਣ ਦੇ ਮੁਕਾਬਲੇ ਗੁਜਰਾਤ ਦੇ ਏਕਤਾਨਗਰ, ਦਵਾਰਕਾ, ਧੋਰੜੋ ਤੇ ਵੈਦਨਗਰ ਆਦਿ ’ਚ ਕਰਵਾਏ ਜਾਣਗੇ। ਇਹ ਮੇਲਾ 14 ਜਨਵਰੀ ਨੂੰ ਸਮਾਪਤ ਹੋਵੇਗਾ ਜਿਸ ਵਿੱਚ ਕੌਮਾਂਤਰੀ ਪੱਧਰ ਦੇ 153, ਦੇਸ਼ ਦੇ 12 ਸੂਬਿਆਂ ’ਚੋਂ 68 ਤੇ ਗੁਜਰਾਤ ਦੇ 23 ਸ਼ਹਿਰਾਂ ’ਚੋਂ 865 ਮੁਕਾਬਲਾਕਾਰੀ ਸ਼ਮੂਲੀਅਤ ਕਰਨਗੇ।
