ਨਵੀਂ ਦਿੱਲੀ, 17 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਚੰਦਰਯਾਨ ਮਿਸ਼ਨ ਦੀ ਸਫ਼ਲਤਾ ਤੋਂ ਉਤਸ਼ਾਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਕਈ ਵੱਡੇ ਟੀਚੇ ਤੈਅ ਕੀਤੇ।
ਉਨ੍ਹਾਂ ਵਿਗਿਆਨੀਆਂ ਨੂੰ ਕਿਹਾ ਕਿ ਉਹ 2035 ਤੱਕ ਇਕ ਭਾਰਤੀ ਪੁਲਾੜ ਕੇਂਦਰ (ਸਪੇਸ ਸਟੇਸ਼ਨ) ਸਥਾਪਿਤ ਕਰਨ ਤੇ 2040 ਤੱਕ ਪਹਿਲੇ ਭਾਰਤੀ ਨੂੰ ਚੰਦਰਮਾ ਉਤੇ ਭੇਜਣ ਦਾ ਟੀਚਾ ਰੱਖਣ। ਮੋਦੀ ਨੇ ਇਹ ਨਿਰਦੇਸ਼ ਇਸਰੋ ਪ੍ਰਮੁੱਖ ਐੱਸ. ਸੋਮਨਾਥ ਵੱਲੋਂ ਗਗਨਯਾਨ ਮਿਸ਼ਨ ਬਾਰੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਦੌਰਾਨ ਦਿੱਤਾ।
ਇਸਰੋ ਗਗਨਯਾਨ ਮਿਸ਼ਨ ਦੀ ਤਿਆਰੀ ਤਹਿਤ 21 ਅਕਤੂਬਰ ਨੂੰ ਪੁਲਾੜ ਯਾਤਰੀ ਬਚਾਅ ਪ੍ਰਣਾਲੀ ਤੇ ਹੋਰ ਉੱਦਮਾਂ ਦਾ ਪਹਿਲੀ ਵਾਰ ਪ੍ਰਦਰਸ਼ਨ ਕਰੇਗਾ। ਪੀਐਮਓ ਵੱਲੋਂ ਬੈਠਕ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਪੁਲਾੜ ਵਿਚ ਪਹਿਲੀ ਵਾਰ ਯਾਤਰੀਆਂ ਨੂੰ ਭੇਜਣ ਦਾ ਮਿਸ਼ਨ 2025 ਵਿਚ ਪੂਰਾ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ ਭਾਰਤ ਦੇ ਪੁਲਾੜ ਸਬੰਧੀ ਉੱਦਮਾਂ ਦੇ ਭਵਿੱਖ ਦੀ ਰੂਪ-ਰੇਖਾ ’ਤੇ ਚਰਚਾ ਕੀਤੀ ਅਤੇ ਵਿਗਿਆਨੀਆਂ ਨੂੰ ਸ਼ੁੱਕਰ ਆਰਬਿਟਰ ਮਿਸ਼ਨ ਤੇ ਮੰਗਲ ਲੈਂਡਰ ਸਣੇ ਵੱਖ-ਵੱਖ ਮਿਸ਼ਨਾਂ ਲਈ ਕੰਮ ਕਰਨ ਦੀ ਅਪੀਲ ਕੀਤੀ। ਪਹਿਲੇ ਭਾਰਤੀ ਨੂੰ ਚੰਦ ’ਤੇ ਭੇਜਣ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਪੁਲਾੜ ਵਿਭਾਗ ਇਕ ਖਾਕਾ ਤਿਆਰ ਕਰੇਗਾ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਵਿਚ ਚੰਦਰਯਾਨ ਮਿਸ਼ਨ ਦੀ ਇਕ ਲੜੀ, ਅਗਲੀ ਪੀੜ੍ਹੀ ਦੇ ਇਕ ਲਾਂਚ ਵਹੀਕਲ, ਇਕ ਨਵੇਂ ਲਾਂਚ ਪੈਡ ਦੇ ਨਿਰਮਾਣ, ਮਨੁੱਖ ਅਧਾਰਿਤ ਲੈਬਾਂ ਤੇ ਸਬੰਧਤ ਤਕਨੀਕਾਂ ਦੀ ਸਥਾਪਨਾ ਸ਼ਾਮਲ ਹੋਵੇਗੀ। ਪੁਲਾੜ ਵਿਭਾਗ ਨੇ ਗਗਨਯਾਨ ਮਿਸ਼ਨ ਦੀ ਇਕ ਵਿਆਪਕ ਜਾਣਕਾਰੀ ਪੇਸ਼ ਕੀਤੀ, ਜਿਸ ਵਿਚ ‘ਹਿਊਮਨ ਰੇਟੇਡ ਲਾਂਚ ਵਹੀਕਲ’ ਤੇ ‘ਸਿਸਟਮ ਕੁਆਲੀਫਿਕੇਸ਼ਨ’ ਜਿਹੀਆਂ ਹੁਣ ਤੱਕ ਵਿਕਸਿਤ ਤਕਨੀਕਾਂ ਬਾਰੇ ਦੱਸਿਆ ਗਿਆ। ਸ਼ੁਰੂਆਤ ਵਿਚ ਗਗਨਯਾਨ ਮਿਸ਼ਨ ਤਹਿਤ ਦੋ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਹੇਠਲੇ ਪੰਧ ’ਚ 2022 ਵਿਚ ਭੇਜਣ ਦੀ ਯੋਜਨਾ ਸੀ ਪਰ ਕੋਵਿਡ ਮਹਾਮਾਰੀ ਅਤੇ ਮਿਸ਼ਨ ਗੁੰਝਲਦਾਰ ਹੋਣ ਕਾਰਨ ਹੁਣ ਭਾਰਤ ਦੇ ਪਹਿਲੇ ਮਨੁੱਖੀ ਮਿਸ਼ਨ ਨੂੰ 2024 ਦੇ ਦੂਜੇ ਅੱਧ ਵਿਚ ਭੇਜਣ ਦੀ ਉਮੀਦ ਹੈ। ਗਗਨਯਾਨ ਮਿਸ਼ਨ ਹੁਣ 2025 ਵਿਚ ਲਾਂਚ ਹੋਵੇਗਾ। ਬੈਠਕ ਵਿਚ ਕੇਂਦਰੀ ਮੰਤਰੀ ਜੀਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਪੀਕੇ ਮਿਸ਼ਰਾ ਤੇ ਹੋਰ ਅਧਿਕਾਰੀ ਮੌਜੂਦ ਸਨ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘਾ ਮਹੱਤਵਪੂਰਨ ਕਰਾਰ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘੇ ’ਚ ਆਲਮੀ ਸਮੁੰਦਰੀ ਵਪਾਰ ਦਾ ‘ਕਾਇਆਕਲਪ’ ਕਰਨ ਦੀ ਪੂਰੀ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਇਸ ਉੱਦਮ ਵਿਚ ਨਿਵੇਸ਼ਕਾਂ ਨੂੰ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ। ਤੀਜੇ ‘ਗਲੋਬਲ ਮੈਰੀਟਾਈਮ ਇੰਡੀਆ ਸਮਿਟ’ ਵਿਚ ਵੀਡੀਓ-ਲਿੰਕ ਰਾਹੀਂ ਬੋਲਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ਜੀ20 ਦੌਰਾਨ ਇਸ ਲਾਂਘੇ ’ਤੇ ਸਹਿਮਤੀ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਉੱਦਮ ਖ਼ੁਸ਼ਹਾਲੀ ਦਾ ਅਧਾਰ ਬਣੇਗਾ, ਜਿਸ ਤਰ੍ਹਾਂ ਸਦੀਆਂ ਪਹਿਲਾਂ ਸਿਲਕ ਰੂਟ ਸੀ। ਪ੍ਰਧਾਨ ਮੰਤਰੀ ਨੇ ਅੱਜ ਕਰੀਬ 23 ਹਜ਼ਾਰ ਕਰੋੜ ਰੁਪਏ ਦੇ ਕਈ ਸਾਗਰੀ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ‘ਬਲੂ ਇਕਾਨਮੀ’ ਲਈ ਇਕ ਵਿਜ਼ਨ ਦਸਤਾਵੇਜ਼ ਵੀ ਪੇਸ਼ ਕੀਤਾ। ਇਸ ਵਿਚ ਬੰਦਰਗਾਹਾਂ ਦਾ ਵਿਸਤਾਰ, ਟਿਕਾਊ ਗਤੀਵਿਧੀਆਂ, ਕੌਮਾਂਤਰੀ ਭਾਈਵਾਲੀਆਂ ਤੇ ਹੋਰ ਉੱਦਮ ਸ਼ਾਮਲ ਹਨ।