ਸਿਰਸਾ, 14 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)-ਘੱਗਰ ’ਚ ਲਗਾਤਾਰ ਵਧ ਰਹੇ ਪਾਣੀ ਨੇ ਸੈਂਕੜੇ ਪਿੰਡਾਂ ਦੇ ਲੋਕਾਂ ਤੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਬਿਜਲੀ ਮੰਤਰੀ ਰਣਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਜ ਘੱਗਰ ਦੇ ਬੰਨ੍ਹਾਂ ਦਾ ਦੌਰਾ ਕੀਤਾ ਗਿਆ ਤੇ ਕਮਜ਼ੋਰ ਥਾਵਾਂ ਤੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪੰਚਾਇਤਾਂ ਤੇ ਪਿੰਡ ਦੇ ਲੋਕਾਂ ਨੂੰ ਕੰਮ ’ਤੇ ਲਾਇਆ ਗਿਆ। ਇਸ ਦੌਰਾਨ ਘੱਗਰ ’ਚ ਵਧ ਰਹੇ ਪਾਣੀ ਨੂੰ ਵੇਖਦਿਆਂ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਆਪਣੇ ਕੋਟੇ ’ਚੋਂ ਦਸ ਲੱਖ ਫੌਰੀ ਤੌਰ ’ਤੇ ਹੜ੍ਹ ਰੋਕਾਂ ਪ੍ਰਬੰਧਾਂ ਲਈ ਦੇਣ ਦਾ ਐਲਾਨ ਕੀਤਾ। ਜਾਣਕਾਰੀ ਅਨੁਸਾਰ ਪਿੰਡ ਮੱਲੇਵਾਲਾ, ਕਿਰਾੜਕੋਟ, ਬੁਢਾਭਾਣਾ, ਖੈਰੇਕਾਂ, ਸਾਹਰਨੀ, ਨੇਜਾਡੇਲਾ ਆਦਿ ਸਮੇਤ ਘੱਗਰ ਕੰਢੇ ਵਸੇ ਪਿੰਡਾਂ ਦੇ ਲੋਕਾਂ ’ਚ ਹੜ੍ਹ ਦਾ ਡਰ ਬਣਿਆ ਹੋਇਆ ਹੈ। ਪਿੰਡਾਂ ਨੂੰ ਹੜ੍ਹ ਤੋਂ ਬਚਾਉਣ ਲਈ ਪਿੰਡ ਦੇ ਪੁਰਸ਼ਾਂ ਨਾਲ ਔਰਤਾਂ ਵੀ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਲੱਗ ਗਈਆਂ ਹਨ। ਘੱਗਰ ਦੇ ਬੰਨਾਂ ਦਾ ਜਾਇਜ਼ਾ ਲੈਂਦਿਆਂ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸਰਕਾਰ ਸੰਭਾਵਿਤ ਹੜ੍ਹ ਦੇ ਹਾਲਾਤਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕਰ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਹੜ੍ਹ ਨੂੰ ਰੋਕਣ ਲਈ ਲੋੜੀਂਦੇ ਸਾਰੇ ਸਾਧਨ ਵਰਤ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮਿੰਟ-ਮਿੰਟ ਦੀ ਰਿਪੋਰਟ ਲੈ ਰਹੇ ਹਨ। ਡਿਪਟੀ ਕਮਿਸ਼ਨਰ ਨੇ ਹੜ੍ਹ ਰੋਕੂ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਥੋਂ ਬੰਨ ਕਮਜ਼ੋਰ ਹਨ, ਉਥੇ ਮਿੱਟੀ ਪੁਆਈ ਜਾ ਰਹੀ ਹੈ। ਮਿੱਟੀ ਦੀਆਂ ਲੱਖਾਂ ਬੋਰੀਆਂ ਭਰ ਕੇ ਤਿਆਰ ਰੱਖੀਆਂ ਗਈਆਂ ਹਨ, ਪੰਚਾਇਤਾਂ ਨੂੰ ਡੀਜ਼ਲ ਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਘੱਗਰ ਕੰਢੇ ਵਸੇ ਪਿੰਡਾਂ ਦੇ ਨੌਜਵਾਨਾਂ ਨੂੰ ਠਿਕਰੀ ਪਹਿਰਾ ਲਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਖਨੌਰੀ ’ਚ ਲਗਾਤਾਰ ਪਾਣੀ ਵਧ ਰਿਹਾ ਹੈ ਜਿਹੜਾ ਅਗਲੇ ਕੁਝ ਘੰਟਿਆਂ ’ਚ ਇਥੇ ਪੁੱਜ ਜਾਵੇਗਾ। ਫਿਲਹਾਲ ਓਟੂ ਹੈੱਡ ’ਤੇ 18 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਘੰਟੇ ਇਸ ਏਰੀਆ ਲਈ ਬਹੁਤ ਮਹੱਤਵਪੂਰਨ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਅੱਜ ਘੱਗਰ ਨਦੀ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਓਟੂ ਹੈੱਡ ਤੋਂ ਰਾਜਸਥਾਨ ਸਾਈਫ਼ਨ ਤੱਕ ਘੱਗਰ ਦਾ ਦੌਰਾ ਕੀਤਾ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਆਦੇਸ਼ ਦਿੱਤੇ।