ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਖ ਵੱਖ ਦੁਵੱਲੇ ਤੇ ਆਲਮੀ ਮੁੱਦਿਆਂ ’ਤੇ ਚਰਚਾ ਲਈ ਭਲਕੇ 25 ਦਸੰਬਰ ਨੂੰ ਰੂਸ ਦੀ ਪੰਜ ਰੋਜ਼ਾ ਯਾਤਰਾ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰਾਲੇ ਨੇ ਯਾਤਰਾ ਦਾ ਐਲਾਨ ਕਰਦਿਆਂ ਅੱਜ ਕਿਹਾ ਕਿ ਜੈਸ਼ੰਕਰ ਮਾਸਕੋ ਦੇ ਨਾਲ ਹੀ ਸੇਂਟ ਪੀਟਰਸਬਰਗ ਵੀ ਜਾਣਗੇ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਜੈਸ਼ੰਕਰ ਦੋਵਾਂ ਧਿਰਾਂ ਵਿਚਾਲੇ ਚੱਲ ਰਹੇ ਉੱਚ ਪੱਧਰੀ ਸੰਵਾਦ ਵਜੋਂ 25 ਤੋਂ 29 ਦਸੰਬਰ ਤੱਕ ਰੂਸ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਰੂਸ ਦੇ ਉੱਪ ਪ੍ਰਧਾਨ ਮੰਤਰੀ ਅਤੇ ਉਦਯੋਗ ਤੇ ਵਪਾਰ ਮੰਤਰੀ ਡੈਨਿਸ ਮਾਂਤੁਰੋਵ ਨਾਲ ਵੀ ਮੁਲਾਕਾਤ ਕਰਨਗੇ।

