ਦਿੱਲੀ ਕੋਰਟ ਨੇ ਸੰਸਦ ਦੀ ਸੁਰੱਖਿਆ ਵਿੱਚ ਸੰਨ੍ਹ ਕੇਸ ’ਚ ਗ੍ਰਿਫਤਾਰ ਪੰਜਵੇਂ ਮੁਲਜ਼ਮ ਲਲਿਤ ਝਾਅ ਨੂੰ ਸੱਤ ਦਿਨਾ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਮੁਲਜ਼ਮ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤੇ ਜਾਣ ਮੌਕੇ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਝਾਅ ਇਸ ਸਾਜ਼ਿਸ਼ ਦਾ ਸਰਗਨਾ ਸੀ। ਉਹ ਤੇ ਕੇਸ ਦੇ ਸਹਿ-ਮੁਲਜ਼ਮ ਦੇਸ਼ ਵਿੱਚ ਅਰਾਜਕਤਾ ਪੈਦਾ ਕਰਨਾ ਚਾਹੁੰਦੇ ਸਨ, ਤਾਂ ਕਿ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਸੂਤਰਾਂ ਨੇ ਕਿਹਾ ਕਿ ਸੁਰੱਖਿਆ ’ਚ ਸੰਨ੍ਹ ਦੀ 13 ਦਸੰਬਰ ਦੀ ਘਟਨਾ ਨੂੰ ਮੁੜ ਸਿਰਜਣ ਲਈ ਸੰਸਦ ਤੋਂ ਲੋੜੀਂਦੀ ਮਨਜ਼ੂਰੀ ਲਈ ਜਾ ਸਕਦੀ ਹੈ।
ਪਟਿਆਲਾ ਹਾਊਸ ਕੋਰਟ ਵਿੱਚ ਸੰਖੇਪ ਸੁਣਵਾਈ ਦੌਰਾਨ ਪੁਲੀਸ ਨੇ ਵਿਸ਼ੇਸ਼ ਜੱਜ ਹਰਦੀਪ ਕੌਰ ਨੂੰ ਦੱਸਿਆ ਕਿ ਝਾਅ ਨੂੰ ਵੀਰਵਾਰ ਰਾਤੀਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਉਸ ਕੋਲੋਂ ‘ਵਿਆਪਕ ਪੁੱਛ-ਪੜਤਾਲ’ ਦੀ ਲੋੜ ਹੈ। ਸਰਕਾਰੀ ਵਕੀਲ ਨੇ ਮੁਲਜ਼ਮ ਦੇ 15 ਦਿਨਾ ਰਿਮਾਂਡ ਦੀ ਮੰਗ ਕਰਦਿਆਂ ਕਿਹਾ, ‘‘ਝਾਅ ਨੇ ਕਬੂਲਿਆ ਕਿ ਉਹ ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਹੈ।’’ ਪੁਲੀਸ ਨੇ ਕਿਹਾ ਕਿ ਝਾਅ ਤੋਂ ਇਕ ਫੋਨ ਬਾਰੇ ਪੁੱਛਗਿੱਛ ਲੋੜੀਂਦੀ ਹੈ, ਜੋ ਉਹ ਵਰਤ ਰਿਹਾ ਸੀ ਤੇ ਅਜੇ ਤੱਕ ਨਹੀਂ ਮਿਲਿਆ। ਦਿੱਲੀ ਪੁਲੀਸ ਨੇ ਝਾਅ ਨੂੰ ਵੀਰਵਾਰ ਸ਼ਾਮੀਂ ਗ੍ਰਿਫ਼ਤਾਰ ਕੀਤਾ ਸੀ। ਲਲਿਤ ਇਕ ਵਿਅਕਤੀ ਨਾਲ ਕਰਤੱਵਯ ਪੱਥ ਪੁਲੀਸ ਥਾਣੇੇ ਪੁੱਜਾ ਸੀ ਜਿੱਥੇ ਉਸ ਨੂੰ ਵਿਸ਼ੇਸ਼ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਨੇ ਦਾਅਵਾ ਕੀਤਾ ਕਿ ਝਾਅ ਨੇ ਹੁਣ ਤੱਕ ਦੀ ਪੁੱਛ-ਪੜਤਾਲ ਦੌਰਾਨ ਮੰਨਿਆ ਹੈ ਕਿ ਇਸ ਕੇਸ ਵਿਚ ਗ੍ਰਿਫ਼ਤਾਰ ਮੁਲਜ਼ਮ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੀ ਸਾਜ਼ਿਸ਼ ਘੜਨ ਲਈ ਇਕ ਦੂਜੇ ਨੂੰ ਕਈ ਵਾਰ ਮਿਲੇ ਸਨ। ਪੁਲੀਸ ਨੇ ਅਦਾਲਤ ਨੂੰ ਦੱਸਿਆ, ‘‘ਝਾਅ ਨੇ ਖੁਲਾਸਾ ਕੀਤਾ ਹੈ ਕਿ ਉਹ ਦੇਸ਼ ਵਿੱਚ ਅਰਾਜਕਤਾ ਪੈਦਾ ਕਰਨਾ ਚਾਹੁੰਦੇ ਸੀ ਤਾਂ ਕਿ ਉਹ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਸਕਣ। ਉਸ ਨੇ ਵਡੇਰੀ ਸਾਜ਼ਿਸ਼ ਵਜੋਂ ਸਬੂਤ ਮਿਟਾਉਣ ਲਈ ਹੋਰਨਾਂ ਮੁਲਜ਼ਮਾਂ ਦੇ ਫੋਨ ਫੜ ਕੇ ਲੁਕਾ ਲਏ। ਉਸ ਨੇ ਕਬੂਲਿਆ ਕਿ ਉਸਨੇ ਆਪਣਾ ਫੋਨ ਜੈਪੁਰ ਤੋਂ ਦਿੱਲੀ ਆਉਂਦਿਆਂ ਰਸਤੇ ਵਿੱਚ ਕਿਤੇ ਸੁੱਟ ਦਿੱਤਾ।’’ ਪੁਲੀਸ ਨੇ ਕਿਹਾ ਕਿ ਝਾਅ ਨੂੰ ਹੋਰਨਾਂ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਣੀ ਹੈ। ਉਸ ਹੋਟਲ ਦਾ ਵੀ ਖੁਰਾ-ਖੋਜ ਲੱਭਣਾ ਹੈ, ਜਿੱਥੇ ਉਹ ਚਾਰ ਦਿਨ ਲਈ ਰੁਕਿਆ ਸੀ। ਵਿੱਤੀ ਲੈਣ ਦੇਣ ਤੇ ਹਮਲੇ ਪਿਛਲੀ ਫੰਡਿੰਗ ਤੋਂ ਇਲਾਵਾ ਝਾਅ ਦਾ ਰਿਮਾਂਡ ਇਹ ਪਤਾ ਲਾਉਣ ਲਈ ਵੀ ਜ਼ਰੂਰੀ ਹੈ ਕਿ ਮੁਲਜ਼ਮ ਕਿਤੇ ਕਿਸੇ ਦੁਸ਼ਮਣ ਮੁਲਕ ਜਾਂ ਦਹਿਸ਼ਤੀ ਜਥੇਬੰਦੀ ਦੇ ਸੰਪਰਕ ਵਿਚ ਤਾਂ ਨਹੀਂ ਸੀ। ਇਸ ਦੌਰਾਨ ਲਲਿਤ ਮੋਹਨ ਝਾਅ ਦੇ ਵੱਡੇ ਭਰਾ ਸ਼ੰਭੂ ਝਾਅ ਨੇ ਇਸ ਪੂਰੇ ਮਾਮਲੇ ਵਿੱਚ ਆਪਣੇ ਭਰਾ ਦੀ ਸ਼ਮੂਲੀਅਤ ਨੂੰ ਲੈ ਕੇ ਹੈਰਾਨੀ ਜਤਾਈ ਹੈ। ਸ਼ੰਭੂ ਨੇ ਕਿਹਾ ਕਿ ਪੂਰਾ ਪਰਿਵਾਰ ਸਦਮੇ ਵਿਚ ਹੈ ਤੇ ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਆ ਰਿਹੈ।
ਸ਼ੰਭੂ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸਾਨੂੰ ਨਹੀਂ ਪਤਾ ਕਿ ਉਹ ਇਸ ਸਭ ਵਿੱਚ ਕਿਵੇਂ ਸ਼ਾਮਲ ਹੋਇਆ। ਉਹ ਹਮੇਸ਼ਾ ਝਗੜੇ ਤੋਂ ਦੂਰ ਰਹਿੰਦਾ ਸੀ। ਉਹ ਬਚਪਨ ਤੋਂ ਹੀ ਸ਼ਾਂਤ ਸੁਭਾਅ ਸੀ ਤੇ ਆਪਣੇ ’ਚ ਹੀ ਮਸਤ ਰਹਿੰਦਾ ਸੀ। ਸਾਨੂੰ ਇੰਨਾ ਪਤਾ ਹੈ ਕਿ ਉਹ ਕਿਸੇ ਐੱਨਜੀਓ ਨਾਲ ਜੁੜਿਆ ਹੋਇਆ ਸੀ ਤੇ ਇਸ ਤੋਂ ਇਲਾਵਾ ਪ੍ਰਾਈਵੇਟ ਟਿਊਸ਼ਨਾਂ ਲੈਂਦਾ ਸੀ। ਅਸੀਂ ਟੀਵੀ ਚੈਨਲਾਂ ’ਤੇ ਉਸ ਦੀਆਂ ਤਸਵੀਰਾਂ ਦੇਖ ਕੇ ਹੈਰਾਨ ਹਾਂ।’’ ਸ਼ੰਭੂ ਨੇ ਕਿਹਾ ਕਿ ਉਸ ਨੇ ਲਲਿਤ ਨੂੰ ਆਖਰੀ ਵਾਰ 10 ਦਸੰਬਰ ਨੂੰ ਦੇਖਿਆ ਸੀ। ਉਧਰ ਝਾਅ ਦੇ ਗੁਆਂਢੀਆਂ ਮੁਤਾਬਕ ਉਹ ਸ਼ਾਂਤ ਸੁਭਾਅ ਤੇ ਬਹੁਤ ਘੱਟ ਬੋਲਦਾ ਸੀ।