ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਲਟਕੇ ਹੋਏ ਕੇਂਦਰੀ ਫੰਡ ਉਤੇ ਚਰਚਾ ਕਰਨ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਮੁਤਾਬਕ ਪ੍ਰਧਾਨ ਮੰਤਰੀ ਨੇ ਤਜਵੀਜ਼ ਰੱਖੀ ਕਿ ਰਾਜ ਤੇ ਕੇਂਦਰ ਦੇ ਅਧਿਕਾਰੀ ਮਿਲ-ਬੈਠ ਕੇ ਮੁੱਦਿਆਂ ਨੂੰ ਸੁਲਝਾ ਸਕਦੇ ਹਨ।
ਬੈਨਰਜੀ ਨੇ ਪਾਰਟੀ ਦੇ ਨੌਂ ਸੰਸਦ ਮੈਂਬਰਾਂ ਨਾਲ ਸੰਸਦ ਕੰਪਲੈਕਸ ਵਿਚ ਪ੍ਰਧਾਨ ਮੰਤਰੀ ਨਾਲ ਬੈਠਕ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਕੇਂਦਰ ਦੀਆਂ 155 ਟੀਮਾਂ ਪਹਿਲਾਂ ਹੀ ਪੱਛਮੀ ਬੰਗਾਲ ਦਾ ਦੌਰਾ ਕਰ ਚੁੱਕੀਆਂ ਹਨ ਤੇ ਕੇਂਦਰ ਵੱਲੋਂ ਚੁੱਕੇ ਗਏ ਮੁੱਦਿਆਂ ਉਤੇ ਰਾਜ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਜ ਨੂੰ ਰਾਸ਼ੀ ਜਾਰੀ ਕਰਨ ਬਾਰੇ ਕੇਂਦਰ ਤੇ ਪੱਛਮੀ ਬੰਗਾਲ ਸਰਕਾਰ ਵਿਚਾਲੇ ਖਿੱਚੋਤਾਣ ਹੈ। ਟੀਅੱੈਮਸੀ ਨੇ ਇਸ ਮੁੱਦੇ ’ਤੇ ਅਕਤੂਬਰ ਵਿਚ ਕੌਮੀ ਰਾਜਧਾਨੀ ’ਚ ਆਪਣੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਵੀ ਕੀਤਾ ਸੀ।
ਭਾਜਪਾ ਨੇ ਪੱਛਮੀ ਬੰਗਾਲ ਦੀ ਟੀਐਮਸੀ ਸਰਕਾਰ ’ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਮਨਰੇਗਾ ਲਈ ਜਾਰੀ ਕੇਂਦਰੀ ਪੈਸੇ ਨੂੰ ਹੜੱਪਣ ਦਾ ਦੋਸ਼ ਲਾਇਆ ਹੈ। ਰਾਜ ਦੀ ਬਕਾਇਆ ਮਨਰੇਗਾ ਰਾਸ਼ੀ ਦਾ ਜ਼ਿਕਰ ਕਰਦਿਆਂ ਮਮਤਾ ਨੇ ਕਿਹਾ ਕਿ ਸੰਵਿਧਾਨ ਤਹਿਤ ਵਰਕਰਾਂ ਨੂੰ ਭੁਗਤਾਨ ਕਰਨਾ ਜ਼ਰੂਰੀ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਸਾਲ 2022-23 ਦੇ ਬਜਟ ਵਿਚ ਮਨਰੇਗਾ ਤਹਿਤ 100 ਦਿਨਾਂ ਦੇ ਕੰਮ ਲਈ ਇਕ ਵੀ ਪੈਸਾ ਨਹੀਂ ਮਿਲਿਆ। ਆਵਾਸ ਯੋਜਨਾ ਲਈ ਮਿਲਣ ਵਾਲੀ ਰਾਸ਼ੀ ਰੋਕ ਦਿੱਤੀ ਗਈ ਹੈ, ਦਿਹਾਤੀ ਵਿਕਾਸ ਯੋਜਨਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਸਿਹਤ ਮਿਸ਼ਨ ਪ੍ਰੋਗਰਾਮ ਵੀ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਕਮਿਸ਼ਨ ਤਹਿਤ ਵੀ ਰਾਸ਼ੀ ਨਹੀਂ ਮਿਲੀ ਹੈ। ਮਮਤਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਅਧਿਕਾਰੀਆਂ ਨੇ ਹਰ ਤਰ੍ਹਾਂ ਦੇ ਸਪੱਸ਼ਟੀਕਰਨ ਦੇ ਦਿੱਤੇ ਹਨ, ਜਿਨ੍ਹਾਂ ਦੀ ਕੇਂਦਰ ਨੇ ਮੰਗ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੇਂਦਰ ਤੇ ਰਾਜ ਦੇ ਅਧਿਕਾਰੀਆਂ ਦਰਮਿਆਨ ਇਕ ਸੰਯੁਕਤ ਬੈਠਕ ਹੋਵੇਗੀ।

