ਕਰਾਚੀ, 19 ਫਰਵਰੀ
ਨਿਊਜ਼ੀਲੈਂਡ ਨੇ ਅੱਜ ਇੱਥੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਵਿੱਚ ਮੇਜ਼ਬਾਨ ਪਾਕਿਸਤਾਨ ਨੂੰ 60 ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਮੌਜੂਦਾ ਚੈਂਪੀਅਨ ਪਾਕਿਸਤਾਨ ਨੂੰ ਜਿੱਤ ਲਈ 321 ਦੌੜਾਂ ਦਾ ਟੀਚਾ ਸੀ ਪਰ ਮੇਜ਼ਬਾਨ ਟੀਮ 260 ਦੌੜਾਂ ’ਤੇ ਢੇਰ ਹੋ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਜ਼ਰਦਾਰੀ ਨੇ ਇੱਥੇ ਨੈਸ਼ਨਲ ਸਟੇਡੀਅਮ ਵਿੱਚ ਟੂਰਨਾਮੈਂਟ ਦਾ ਉਦਘਾਟਨ ਕੀਤਾ। ਪਾਕਿ ਵੱਲੋਂ ਸਭ ਤੋਂ ਵੱਧ 69 ਦੌੜਾਂ ਖ਼ੁਸ਼ਦਿਲ ਸ਼ਾਹ ਨੇ ਬਣਾਈਆਂ।
ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਵਿਲ ਯੰਗ ਅਤੇ ਕਪਤਾਨ ਟੌਮ ਲੈਥਮ ਦੇ ਸੈਂਕੜਿਆਂ ਦੀ ਮਦਦ ਨਾਲ ਪੰਜ ਵਿਕਟਾਂ ’ਤੇ 320 ਦੌੜਾਂ ਬਣਾਈਆਂ ਸਨ। ਯੰਗ ਨੇ 113 ਗੇਂਦਾਂ ’ਤੇ 107 ਦੌੜਾਂ, ਜਦਕਿ ਲੈਥਮ ਨੇ ਨਾਬਾਦ 118 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਗਲੈੱਨ ਫਿਲਿਪਸ ਨੇ 39 ਗੇਂਦਾਂ ਵਿੱਚ 61 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ। ਯੰਗ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ ਇੱਕ ਛੱਕਾ ਲਾਇਆ, ਜਦਕਿ ਲੈਥਮ ਨੇ 10 ਚੌਕੇ ਅਤੇ ਤਿੰਨ ਛੱਕੇ ਲਾਏ। ਨਿਊਜ਼ੀਲੈਂਡ ਨੇ 17ਵੇਂ ਓਵਰ ਵਿੱਚ 73 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ।