ਦੇਸ਼ ਵਿੱਚ ਲੋਕ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ ਹੀ ਰਾਜਸੀ ਮਾਹੌਲ ਵੀ ਗਰਮਾਉਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਵਿੱਚ ਤਿੰਨ ਸੀ ਕੁਰੱਪਸ਼ਨ, ਕ੍ਰਾਈਮ ਤੇ ਕਾਸਟ ਬੇਸ ਪੌਲੀਟਿਕਸ ਨੂੰ ਉਤਸ਼ਾਹਿਤ ਕੀਤਾ ਸੀ ਪਰ ਭਾਜਪਾ ਸਰਕਾਰ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ।
ਉਨ੍ਹਾਂ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਿੱਸਾ ਲੈ ਰਹੇ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਲੋਕਾਂ ਨੂੰ ਜਾਤ-ਪਾਤ ਵਾਲੀ ਰਾਜਨੀਤੀ ਵੱਲ ਧੱਕਦਿਆਂ ਵੰਡੀਆਂ ਪਾ ਦਿੱਤੀਆਂ ਸਨ ਪਰ ਸਾਲ 2021 ’ਚ ਭਾਜਪਾ ਨੇ ‘ਹਰਿਆਣਾ ਇਕ-ਹਰਿਆਣਵੀਂ ਇਕ’ ਦਾ ਨਾਅਰਾ ਦਿੱਤਾ ਸੀ। ਭਾਜਪਾ ਉਸ ਨਾਅਰੇ ’ਤੇ ਅੱਜ ਵੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹਰਿਆਣਾ ਵਿੱਚ ਸਿੱਖਿਆ, ਸਿਹਤ, ਸੁਰੱਖਿਆ ਤੇ ਸੁਸ਼ਾਸਨ ਲਈ ਕੰਮ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਵਿਕਸਤ ਦੇਸ਼ਾਂ ਦੀ ਸ਼੍ਰੇਣੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਦੁਨੀਆਂ ਦੇ 200 ਦੇਸ਼ਾਂ ਵਿੱਚੋਂ 37 ਦੇਸ਼ ਵਿਕਸਤ ਸ਼੍ਰੇਣੀ ਵਿੱਚ ਆਉਂਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ’ਤੇ ਸਾਲ 2047 ਵਿੱਚ ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਤੇ ਸਨਮਾਨ ਦੇਸ਼ ਦੇ ਹਰੇਕ ਨਾਗਰਿਕ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਦਾ ਤੇਜ਼ੀ ਨਾਲ ਪ੍ਰਸਾਰ ਹੋ ਰਿਹਾ ਹੈ।
ਪਿਛਲੇ ਅੱਠ ਸਾਲਾਂ ਵਿੱਚ ਸੂਬੇ ਵਿੱਚ 28 ਹਜ਼ਾਰ ਫੂਡ ਪ੍ਰੋਸੈਸਿੰਗ ਯੂਨਿਟ ਲੱਗੇ ਹਨ, ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਸ੍ਰੀ ਖੱਟਰ ਨੇ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਸੂਬੇ ਦੇ 6.42 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ 4.39 ਲੱਖ ਲੋਕਾਂ ਦੀ ਟੀਬੀ ਦੀ ਜਾਂਚ ਕੀਤੀ ਗਈ ਹੈ। 29 ਹਜ਼ਾਰ ਲੋਕਾਂ ਨੇ ਉਜਵਲ ਯੋਜਨਾ ਲਈ ਰਜਿਸਟਰਡ ਕਰਵਾਇਆ, ਜਦੋਂ ਕਿ 7.35 ਲੱਖ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਗਏ ਹਨ। ਯਾਤਰਾ ਦੌਰਾਨ ਸੁਰੱਖਿਆ ਬੀਮਾ ਯੋਜਨਾ ਤਹਿਤ 52 ਹਜ਼ਾਰ ਲੋਕ ਰਜਿਸਟਰਡ ਹੋਏ ਹਨ। ਇਸ ਤੋਂ ਇਲਾਵਾ ਪੀਐੱਮ ਸਵੈਨਿਧੀ ਯੋਜਨਾ ਅਧੀਨ 10 ਹਜ਼ਾਰ ਲੋਕਾਂ ਨੇ ਰਜਿਸਟਰਡ ਕਰਵਾਇਆ ਹੈ।

