ਪੰਜਾਬ ਵਿੱਚ ਅੱਜ ਲਗਾਤਾਰ ਪਏ ਮੀਂਹ ਅਤੇ ਕੁਝ ਥਾਵਾਂ ’ਤੇ ਗੜ੍ਹੇ ਪੈਣ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਉਂਜ ਮੀਂਹ ਪੈਣ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ ਅਤੇ ਖੁਸ਼ਕ ਠੰਢ ਵੀ ਖ਼ਤਮ ਹੋ ਗਈ ਹੈ। ਅੱਜ ਤੜਕਸਾਰ ਹੀ ਸੂਬੇ ਦੇ ਕੁਝ ਸ਼ਹਿਰਾਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਇਸੇ ਦੌਰਾਨ ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਸਣੇ ਕੁਝ ਇਲਾਕਿਆਂ ਵਿੱਚ ਗੜ੍ਹੇ ਵੀ ਪਏ ਹਨ। ਕਈ ਸ਼ਹਿਰਾਂ ’ਚ ਪਾਣੀ ਜਮ੍ਹਾਂ ਹੋਣ ਕਰਕੇ ਲੋਕਾਂ ਨੂੰ ਕੰਮਕਾਰ ਅਤੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰੋਪੜ ’ਚ ਸਭ ਤੋਂ ਵੱਧ 84 ਐੱਮਐੱਮ ਮੀਂਹ ਪਿਆ ਹੈ। ਵਿਭਾਗ ਨੇ ਪਹਿਲੀ ਦਸੰਬਰ ਨੂੰ ਸੂਬੇ ਵਿੱਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਪਰ ਠੰਢ ਜ਼ੋਰ ਫੜੇਗੀ। ਚੰਡੀਗੜ੍ਹ ਵਿੱਚ ਤਾਂ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਇਸ ਮਗਰੋਂ ਮਾਝਾ ਅਤੇ ਦੁਆਬਾ ਖਿੱਤੇ ਵਿੱਚ ਮੀਂਹ ਪਿਆ ਅਤੇ ਦਿਨ ਚੜ੍ਹਦੇ-ਚੜ੍ਹਦੇ ਮਾਲਵਾ ਖ਼ਿੱਤੇ ਵਿੱਚ ਮੀਂਹ ਨੇ ਝੜੀ ਲਗਾ ਦਿੱਤੀ। ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਲੋਕਾਂ ਨੇ ਘਰਾਂ ਅੰਦਰ ਰਹਿਣ ਨੂੰ ਤਰਜੀਹ ਦਿੱਤੀ। ਦੂਜੇ ਪਾਸੇ ਇਹ ਮੀਂਹ ਕਿਸਾਨਾਂ ਲਈ ਵੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ ਕਣਕ ਦੀ ਬਿਜਾਈ ਕਰ ਚੁੱਕੇ ਕਿਸਾਨਾਂ ਲਈ ਇਹ ਮੀਂਹ ਵਧੀਆ ਰਹੇਗਾ ਜਦੋਂ ਕਿ ਕਣਕ ਦੀ ਤਾਜ਼ੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਇਹ ਮੁਸੀਬਤ ਬਣ ਸਕਦਾ ਹੈ।

