ਪਟਿਆਲਾ, 16 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)
ਰੈਪਿਡ ਐਕਸ਼ਨ ਫੋਰਸ ਵੱਲੋਂ ਅੱਜ ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਦੀ ਅਗਵਾਈ ਵਿੱਚ ਥਾਣਾ ਅਰਬਨ ਅਸਟੇਟ ਅਤੇ ਥਾਣਾ ਸਬਜ਼ੀ ਮੰਡੀ ਵਿੱਚ ਖੇਤਰ ਨਾਲ ਜਾਣ ਪਹਿਚਾਣ ਮੁਹਿੰਮ ਚਲਾਈ ਗਈ ਅਤੇ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੱਛਤਾ ਮੁਹਿੰਮ ਵੀ ਵਿਸ਼ੇਸ਼ ਤੌਰ ’ਤੇ ਚਲਾਈ ਗਈ।
ਅੱਜ ਲਗਾਤਾਰ ਪੰਜਵੇਂ ਦਿਨ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਨੇ ਆਪਣਾ ਅਭਿਆਸ ਕਰਨ ਦੇ ਨਾਲ ਨਾਲ ਅਰਬਨ ਅਸਟੇਟ ਅਤੇ ਸਬਜ਼ੀ ਮੰਡੀ ਦੇ ਖੇਤਰ ਵਿੱਚ ਪਲਾਸਟਿਕ ਨੂੰ ਚੁੱਕਣ ਸਮੇਤ ਝਾੜੂ ਨਾਲ ਸਫ਼ਾਈ ਕਰਕੇ ਲੋਕਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਜਵਾਨਾਂ ਨੇ ਕੂੜੇ ਨੂੰ ਕੂੜਾਦਾਨ ਵਿੱਚ ਪਾਉਣ ਅਤੇ ਗੰਦਗੀ ਨਾਲ ਫੈਲਾਉਣ ਅਤੇ ਸਵੱਛਤਾ ਰੱਖਣ ਦਾ ਸੁਨੇਹਾ ਦਿੱਤਾ।
ਸਹਾਇਕ ਕਮਾਂਡੈਂਟ ਮਹਿੰਦਰ ਯਾਦਵ ਨੇ ਦੱਸਿਆ ਕਿ ਮਨੁੱਖ ਦੇ ਸਿਹਤਮੰਦ ਜੀਵਨ ਵਿੱਚ ਸਵੱਛਤਾ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਹਰ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਨਾਲ ਆਪਣੇ ਪਿੰਡ ਅਤੇ ਸ਼ਹਿਰ ਨੂੰ ਵੀ ਆਪਣੇ ਵਰਗਾ ਸਾਫ਼ ਰੱਖਣਾ ਚਾਹੀਦਾ ਹੈ। ਜਿਸ ਦੇ ਫਲਸਰੂਪ ਸਾਨੂੰ ਪਿੰਡ ਅਤੇ ਸ਼ਹਿਰ ਨੂੰ ਸਵੱਛ ਬਣਾਉਣ ਦੇ ਨਾਲ – ਨਾਲ ਗੰਭੀਰ ਰੋਗਾਂ ਤੋਂ ਵੀ ਮੁਕਤੀ ਮਿਲੇਗੀ।
ਸਵੱਛਤਾ ਮੁਹਿੰਮ ਦੇ ਨਾਲ ਰੈਪਿਡ ਐਕਸ਼ਨ ਫੋਰਸ ਨੇ ਥਾਣਾ ਅਰਬਨ ਸਟੇਟ ਅਤੇ ਸਬਜ਼ੀ ਮੰਡੀ ਥਾਣੇ ਦੀ ਭੂਗੋਲਿਕ ਸਥਿਤੀ ਅਤੇ ਕਾਨੂੰਨ ਵਿਵਸਥਾ, ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਇਲਾਕੇ ਅਤੇ ਮਹੱਤਵਪੂਰਨ ਸਥਾਨਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਪੈਦਲ ਮਾਰਚ ਕੀਤਾ।

