ਏਲੇਨਾ ਰਿਬਾਕਿਨਾ ਨੇ ਅੱਜ ਇੱਥੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਸਿਖਰਲਾ ਦਰਜਾ ਪ੍ਰਾਪਤ ਆਰਯਨਾ ਸਬਾਲੇਂਕਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। ਦੂਜਾ ਦਰਜਾ ਪ੍ਰਾਪਤ ਰਿਬਾਕਿਨਾ ਨੇ ਫਾਈਨਲ ਵਿੱਚ ਸਬਾਲੇਂਕਾ ਨੂੰ ਸੌਖਿਆ ਹੀ 6-0, 6-3 ਨਾਲ ਹਰਾ ਕੇ ਆਪਣੇ ਕਰੀਅਰ ਦਾ ਛੇਵਾਂ ਖ਼ਿਤਾਬ ਜਿੱਤਿਆ ਅਤੇ ਆਸਟਰੇਲਿਆਈ ਓਪਨ ਲਈ ਆਪਣੀ ਤਿਆਰੀ ਦਾ ਪੁਖ਼ਤਾ ਨਮੂਨਾ ਵੀ ਪੇਸ਼ ਕੀਤਾ। ਇਸ ਤੋਂ ਪਹਿਲਾਂ ਇਨ੍ਹਾਂ ਦੋਵੇਂ ਖਿਡਾਰਨਾਂ ਦਰਮਿਆਨ ਜੋ ਸੱਤ ਮੁਕਾਬਲੇ ਹੋਏ ਸੀ, ਉਨ੍ਹਾਂ ਵਿੱਚੋਂ ਪੰਜ ਵਿੱਚ ਸਬਾਲੇਂਕਾ ਨੇ ਜਿੱਤ ਦਰਜ ਕੀਤੀ ਸੀ ਪਰ ਅੱਜ ਵਿਸ਼ਵ ਦੇ ਚੌਥੇ ਨੰਬਰ ਦੀ ਖਿਡਾਰਨ ਰਿਬਾਕਿਨਾ ਦੇ ਗਰਾਊਂਡਸਟਰੋਕਸ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਸਬਾਲੇਂਕਾ ਨੇ ਪਿਛਲੇ ਸਾਲ ਰਿਬਾਕਿਨਾ ਨੂੰ ਹਰਾ ਕੇ ਆਸਟਰੇਲਿਆਈ ਓਪਨ ਦਾ ਖ਼ਿਤਾਬ ਜਿੱਤਿਆ ਸੀ ਪਰ ਇੱਥੇ ਪਹਿਲੇ ਸੈੱਟ ਵਿੱਚ ਉਸ ਨੇ ਆਪਣੀਆਂ ਤਿੰਨ ਸਰਵਿਸ ਗੁਆਈਆਂ। ਰਿਬਾਕਿਨਾ ਨੇ ਪਹਿਲਾ ਸੈੱਟ ਸਿਰਫ਼ 24 ਮਿੰਟ ਵਿੱਚ ਜਿੱਤਿਆ। ਉਸ ਨੇ ਦੂਜੇ ਸੈੱਟ ਦੀ ਤੀਜੀ ਗੇਮ ਵਿੱਚ ਆਪਣੀ ਸਰਵਿਸ ਗੁਆਈ ਪਰ ਤੁਰੰਤ ਹੀ ਅਗਲੀ ਗੇਮ ਵਿੱਚ ਬਰੇਕ ਪੁਆਇੰਟ ਲੈ ਕੇ ਹਿਸਾਬ ਬਰਾਬਰ ਕਰ ਦਿੱਤਾ। ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਦੂਜਾ ਦਰਜਾ ਪ੍ਰਾਪਤ ਗਿਰਗੋਰ ਦਿਮਿਤਰੋਵ ਨੇ ਸਿਖਰਲਾ ਦਰਜਾ ਪ੍ਰਾਪਤ ਹੋਲਗਰ ਰੂਨੇ ਨੂੰ 7-6 (5), 6-4 ਨਾਲ ਹਰਾ ਕੇ ਛੇ ਸਾਲਾਂ ਵਿੱਚ ਆਪਣਾ ਪਹਿਲਾਂ ਖ਼ਿਤਾਬ ਜਿੱਤਿਆ।
