ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਆਪਣੇ ਪਰਿਵਾਰ ਨਾਲ ਭੂਟਾਨ ਵਿਚ ਨਵਾਂ ਸਾਲ ਮਨਾਇਆ ਹੈ। ਇਸ ਸਬੰਧੀ ਉਸ ਨੇ ਇਕ ਐਲਬਮ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਹੈ ਜਿਸ ਵਿਚ ਉਹ ਆਪਣੀ ਪਤਨੀ ਮੀਰਾ ਰਾਜਪੂਤ, ਬੱਚਿਆਂ, ਮਾਂ ਨੀਲਿਮਾ ਅਜ਼ੀਮ, ਭਰਾ ਈਸ਼ਾਨ ਖੱਟਰ ਅਤੇ ਆਪਣੇ ਸਹੁਰਾ ਪਰਿਵਾਰ ਨਾਲ ਨਜ਼ਰ ਆ ਰਿਹਾ ਹੈ। ਸ਼ਾਹਿਦ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਾਲ 2024 ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ‘ਜਬ ਵੁਈ ਮੈੱਟ’ ਦੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਭੂਟਾਨ ਦੌਰੇ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਸ਼ਾਹਿਦ ਦੇ ਇੰਸਟਾਗ੍ਰਾਮ ’ਤੇ 4.40 ਕਰੋੜ ਫਾਲੋਅਰਜ਼ ਹਨ। ਇਕ ਤਸਵੀਰ ਵਿਚ ਸ਼ਾਹਿਦ ਆਪਣੀ ਪਤਨੀ, ਭਰਾ ਅਤੇ ਬੱਚਿਆਂ ਨਾਲ ਨਦੀ ਦੇ ਕੰਢੇ ਮਸਤੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇੱਕ ਤਸਵੀਰ ਵਿੱਚ ਸ਼ਾਹਿਦ ਅਤੇ ਈਸ਼ਾਨ ਆਪਣੀ ਮਾਂ ਅਤੇ ਅਦਾਕਾਰਾ ਨੀਲਿਮਾ ਨਾਲ ਸਟਾਈਲਿਸ਼ ਪੋਜ਼ ਦੇ ਰਹੇ ਹਨ। ਇਸ ਮੌਕੇ ਸ਼ਾਹਿਦ ਨੇ ਕਾਲੇ ਰੰਗ ਦੀ ਲੰਬੀ ਜੈਕੇਟ ਅਤੇ ਮੇਲ ਖਾਂਦੇ ਬੂਟਾਂ ਨਾਲ ਕਾਲੇ ਕੱਪੜੇ ਪਾਏ ਹੋਏ ਹਨ ਜਦੋਂਕਿ ਈਸ਼ਾਨ ਨੇ ਸਫੇਦ ਰੰਗ ਦੀ ਜੈਕੇਟ ਅਤੇ ਕਾਰਗੋ ਪਾਈ ਹੋਈ ਹੈ। ਇਸ ਮੌਕੇ ਮੀਰਾ ਵੀ ਆਪਣੀ ਸੱਸ ਨੀਲਿਮਾ ਨਾਲ ਗੱਲਬਾਤ ’ਚ ਰੁੱਝੀ ਦਿਖਾਈ ਦੇ ਰਹੀ ਹੈ। ਇਕ ਤਸਵੀਰ ’ਚ ਸ਼ਾਹਿਦ ਆਪਣੀ ਸੱਸ ਨਾਲ ਧੁੱਪ ਸੇਕਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸ਼ਾਹਿਦ ਅਦਾਕਾਰ ਪੰਕਜ ਕਪੂਰ ਅਤੇ ਨੀਲਿਮਾ ਦਾ ਪੁੱਤ ਹੈ। ਉਸ ਦੇ ਮਾਪਿਆਂ ਨੇ 1984 ਵਿੱਚ ਵੱਖ ਹੋਣ ਦਾ ਐਲਾਨ ਕੀਤਾ ਸੀ ਤੇ ਉਸ ਦੀ ਮਾਂ ਨੀਲਿਮਾ ਨੇ ਬਾਅਦ ਵਿੱਚ ਅਦਾਕਾਰ ਰਾਜੇਸ਼ ਖੱਟਰ ਨਾਲ ਵਿਆਹ ਕਰਵਾ ਲਿਆ ਸੀ ਜਿਨ੍ਹਾਂ ਦਾ ਇੱਕ ਪੁੱਤਰ ਈਸ਼ਾਨ ਹੈ। ਸ਼ਾਹਿਦ ਅਤੇ ਮੀਰਾ ਦਾ ਵਿਆਹ ਜੁਲਾਈ 2015 ਵਿੱਚ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ- ਬੇਟੀ ਮੀਸ਼ਾ ਅਤੇ ਬੇਟਾ ਜ਼ੈਨ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਆਖਰੀ ਵਾਰ ‘ਬਲੱਡੀ ਡੈਡੀ’ ਵਿਚ ਨਜ਼ਰ ਆਇਆ ਸੀ।

