ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫ਼ੇਜ-2 ਤਹਿਤ ਪਿੰਡ ਧਰਮੇੜ੍ਹੀ ਵਿਖੇ ਠੋਸ ਕੂੜਾ ਪ੍ਰਬੰਧਨ ਪਲਾਂਟ ਚਾਲੂ
-ਘਰ ਪੱਧਰ ਤੋਂ ਨਿਕਲਦੇ ਸੁੱਕੇ ਤੇ ਗਿੱਲੇ ਕੂੜੇ ਦੀ ਠੋਸ ਕੂੜਾ ਪ੍ਰਬੰਧਨ ਪਲਾਂਟ ਰਾਹੀਂ ਸੰਭਾਲ ਤੇ ਇਸਨੂੰ ਵੱਖ-ਵੱਖ ਕਰਨ ਲਈ ਪਿੰਡ ‘ਚ ਜਾਗਰੂਕਤਾ ਸਮਾਗਮ
ਪਟਿਆਲਾ, 1 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ )
ਬਲਾਕ ਪਟਿਆਲਾ ਦੇ ਪਿੰਡ ਧਰਮੇੜ੍ਹੀ ਵਿਖੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫ਼ੇਜ-2 ਤਹਿਤ ਠੋਸ ਕੂੜਾ ਪ੍ਰਬੰਧਨ ਪਲਾਂਟ ਚਾਲੂ ਕੀਤਾ ਗਿਆ ਹੈ। ਇਸ ਠੋਸ ਕੂੜਾ ਪ੍ਰਬੰਧਨ ਪਲਾਂਟ ਰਾਹੀਂ ਘਰ ਪੱਧਰ ਤੋਂ ਨਿਕਲਦੇ ਸੁੱਕੇ ਤੇ ਗਿੱਲੇ ਕੂੜੇ ਦੀ ਸੰਭਾਲ ਤੇ ਇਸਨੂੰ ਵੱਖ-ਵੱਖ ਕਰਨ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫ਼ੇਜ-2 ਤਹਿਤ ਪਿੰਡਾਂ ਵਿਚ ਠੋਸ ਤੇ ਤਰਲ ਕੂੜਾ ਪ੍ਰਬੰਧਨ ਪਲਾਂਟ ਲਗਾਉਣ ਲਈ ਵੱਡੀ ਪੱਧਰ ‘ਤੇ ਗਤੀਵਿਧੀਆਂ ਜਾਰੀ ਹਨ।
ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਡਵੀਜਨ ਨੰਬਰ 2 ਤੋਂ ਆਈ.ਈ.ਸੀ. ਵੀਰਪਾਲ ਦੀਕਸ਼ਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਨਿਕਲਦੇ ਠੋਸ ਤੇ ਤਰਲ ਕੂੜਾ ਕਰਕਟ ਦੀ ਸੰਭਾਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਸਾਰੇ ਮਿਲਕੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖ ਸਕੀਏ।
ਵੀਰਪਾਲ ਦੀਕਸ਼ਿਤ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਅਤੇ ਕਾਰਜਕਾਰੀ ਇੰਜੀਨੀਅਰ ਰਸ਼ਪਿੰਦਰ ਸਿੰਘ, ਉਪ ਮੰਡਲ ਇੰਜੀਨੀਅਰ ਦਰਸ਼ਨ ਸਿੰਘ ਅਤੇ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਪਿੰਡ ਧਰਮੇੜ੍ਹੀ ਵਿਖੇ ਭਾਰਤ ਮਿਸ਼ਨ ਗ੍ਰਾਮੀਣ ਫ਼ੇਜ-2 ਤਹਿਤ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਚਾਲੂ ਕਰ ਦਿੱਤਾ ਗਿਆ ਹੈ।
ਗ੍ਰਾਮ ਪੰਚਾਇਤ ਦੇ ਸਰਪੰਚ ਰਣਜੀਤ ਕੌਰ ਦੀ ਅਗਵਾਈ ਵਿਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਠੋਸ ਕੂੜਾ ਪ੍ਰਬੰਧਨ ਪਲਾਂਟ ਦੀ ਸਦਵਰਤੋਂ ਕਰਨ ਲਈ ਮਤਾ ਪਾਸ ਕੀਤਾ।
ਇਸ ਮੌਕੇ ਐੱਨ ਜੀ ਓ ਰਾਉਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਵਿੱਚੋਂ ਨਿਕਲਦੇ ਠੋਸ ਕੂੜਾ ਕਰਕਟ ਦੀ ਸੰਭਾਲ ਤੇ ਇਸਨੂੰ ਸੁੱਕੇ ਤੇ ਗਿੱਲੇ ਕੂੜੇ ਵਿਚ ਵੱਖ-ਵੱਖ ਕਰਨ ਦੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਬਾਲਟੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਬੀ.ਆਰ.ਸੀ ਸਪਨਾ ਸੁਸਨ ਅਤੇ ਮਲਕੀਤ ਸਿੰਘ ਵੀ ਮੌਜੂਦ ਸਨ।

