ਸੁਪਰੀਮ ਕੋਰਟ ਨੇ ਸਾਲ 2007 ਦੇ ਗੈਂਗਸਟਰ ਐਕਟ ਕੇਸ ਵਿੱਚ ਬਸਪਾ ਦੇ ਸਾਬਕਾ ਸੰਸਦ ਮੈਂਬਰ ਅਫਜ਼ਲ ਅੰਸਾਰੀ ਦੀ ਸਜ਼ਾ ਕੁਝ ਸ਼ਰਤਾਂ ਸਮੇਤ ਮੁਅੱਤਲ ਕਰ ਦਿੱਤੀ ਹੈ। ਜਸਟਿਸ ਸੂਰਿਆ ਕਾਂਤ, ਦੀਪਾਂਕਰ ਦੱਤਾ ਅਤੇ ਉੱਜਲ ਭੂਯਾਨ ਦੇ ਬੈਂਚ ਨੇ ਬਹੁਮਤ ਨਾਲ ਦਿੱਤੇ ਫ਼ੈਸਲੇ ਵਿੱਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਅੰਸਾਰੀ ਨਾ ਹੀ ਲੋਕ ਸਭਾ ਵਿੱਚ ਵੋਟਿੰਗ ’ਚ ਹਿੱਸਾ ਲੈਣਗੇ ਤੇ ਨਾ ਹੀ ਸੁਵਿਧਾਵਾਂ ਦਾ ਲਾਭ, ਪਰ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈ ਸਕਣਗੇ। ਬੈਂਚ ਨੇ ਅਲਾਹਾਬਾਦ ਹਾਈ ਕੋਰਟ ਨੂੰ ਅਫਜ਼ਲ ਅੰਸਾਰੀ ਵੱਲੋਂ ਸਜ਼ਾ ਖ਼ਿਲਾਫ਼ ਦਾਇਰ ਕੀਤੀ ਗਈ ਅਪਰਾਧਿਕ ਅਪੀਲ ਦਾ ਨਿਪਟਾਰਾ 30 ਜੂਨ 2024 ਤੱਕ ਕਰਨ ਲਈ ਨਿਰਦੇਸ਼ ਦਿੱਤੇ ਹਨ। ਜਸਟਿਸ ਦੱਤਾ ਨੇ ਕਿਹਾ ਕਿ ਉਨ੍ਹਾਂ ਦੀ ਰਾਇ ਬਹੁਮਤ ਵੱਲੋਂ ਦਿੱਤੇ ਗਏ ਫ਼ੈਸਲੇ ਤੋਂ ਵੱਖ ਰਹੀ ਹੈ ਤੇ ਉਹ ਅੰਸਾਰੀ ਦੀ ਅਪੀਲ ਖਾਰਜ ਕਰਦੇ ਹਨ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 31 ਅਕਤੂਬਰ ਨੂੰ ਇਸ ਕੇਸ ਵਿੱਚ ਸਜ਼ਾ ਮੁਅੱਤਲ ਕਰਨ ਲਈ ਅਫਜ਼ਲ ਅੰਸਾਰੀ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ।

