ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮਾਲੇਰਕੋਟਲਾ ਰਿਆਸਤ ਦੇ ਤਤਕਾਲੀ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ 14ਵੀਂ ਪੀੜੀ ਵਿੱਚੋਂ ਅਤੇ ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖਾਂ ਦੀ ਚੌਥੀ ਤੇ ਆਖ਼ਰੀ ਬੇਗ਼ਮ ਮੁਨੱਵਰ-ਉਨ-ਨਿਸ਼ਾ (103) ਦਾ ਕੁਝ ਦਿਨ ਬਿਮਾਰ ਰਹਿਣ ਮਗਰੋਂ ਅੱਜ ਸਵੇਰੇ ਪੰਜ ਵਜੇ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਵਿੱਚ ਇੰਤਕਾਲ ਹੋ ਗਿਆ। ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਸਥਾਨਕ ਸ਼ਾਹੀ ਮਕਬਰਿਆਂ ਵਿੱਚ ਸਪੁਰਦ-ਏ-ਖ਼ਾਕ ਕੀਤਾ ਗਿਆ। ਬੇਗ਼ਮ ਦਾ ਜਨਾਜ਼ਾ ਪੜ੍ਹਨ ਦੀ ਰਸਮ ਮੁਫ਼ਤੀ-ਏ-ਆਜ਼ਮ ਪੰਜਾਬ ਇਰਤਕਾ-ਉਲ-ਹਸਨ ਕਾਂਧਲਵੀ ਨੇ ਅਦਾ ਕੀਤੀ। ਸਥਾਨਕ ਸ਼ਾਹੀ ਮਕਬਰਿਆਂ ਵਿਖੇ ਬੇਗ਼ਮ ਮੁਨੱਵਰ-ਉਨ-ਨਿਸ਼ਾ ਨੂੰ ਪੰਜਾਬ ਪੁਲੀਸ ਦੀ ਟੁਕੜੀ ਨੇ ਸਲਾਮੀ ਦਿੱਤੀ ਤੇ ਡਿਪਟੀ ਕਮਿਸ਼ਨਰ ਡਾ. ਪੱਲਵੀ, ਐੱਸਡੀਐੱਮ ਹਰਬੰਸ ਸਿੰਘ ਅਤੇ ਡੀਐੱਸਪੀ ਕੁਲਦੀਪ ਸਿੰਘ ਨੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਅਤੇ ਮੁੱਖ ਗ੍ਰੰਥੀ ਭਾਈ ਅਜਮੇਰ ਸਿੰਘ ਨੇ ਬੇਗ਼ਮ ਦੀ ਦੇਹ ’ਤੇ ਸ਼ਾਲ ਪਾਈ। ਇਸ ਮੌਕੇ ਵਿਧਾਇਕ ਡਾ. ਜ਼ਮੀਲ-ਉਰ-ਰਹਿਮਾਨ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਬੇਗ਼ਮ ਦਾ ਭਾਣਜਾ ਅਜ਼ੀਜ਼-ਉਲ-ਹੱਕ ਵਾਸੀ ਟਾਂਕ (ਰਾਜਸਥਾਨ) ਅਤੇ ਮਹਾਰਾਣੀ ਨਾਭਾ ਪ੍ਰੀਤੀ ਸਿੰਘ ਸਣੇ ਕਈ ਸਿਆਸੀ ਅਤੇ ਧਾਰਮਿਕ ਆਗੂ ਹਾਜ਼ਰ ਸਨ। ਦੱਸਣਯੋਗ ਹੈ ਕਿ ਮਾਲੇਰਕੋਟਲਾ ਰਿਆਸਤ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖਾਂ ਦਾ ਨਿਕਾਹ ਰਾਜਸਥਾਨ ਦੀ ਰਿਆਸਤ ਟਾਂਕ ਦੇ ਤਤਕਾਲੀ ਨਵਾਬ ਇਬਰਾਹੀਮ ਅਲੀ ਖਾਂ ਦੀ ਪੁੱਤਰੀ ਮੁਨੱਵਰ-ਉਨ-ਨਿਸ਼ਾ ਨਾਲ 1948 ਵਿੱਚ ਹੋਇਆ ਸੀ। ਮਰਹੂਮ ਨਵਾਬ ਇਫ਼ਤਖਾਰ ਅਲੀ ਖਾਂ ਦੇ ਚਾਰ ਨਿਕਾਹ ਹੋਏ ਸਨ। ਉਨ੍ਹਾਂ ਦੀਆਂ ਪਹਿਲੀਆਂ ਤਿੰਨ ਬੇਗ਼ਮਾਂ ਸ਼ਾਕਿਰਾ-ਉਨ-ਨਿਸ਼ਾ, ਯੂਸਫ ਜ਼ਮਾਂ ਅਤੇ ਸਾਜਿਦਾ ਬੇਗ਼ਮ ਦਾ ਕਾਫੀ ਸਮਾਂ ਪਹਿਲਾਂ ਇੰਤਕਾਲ ਹੋ ਗਿਆ ਸੀ। ਨਵਾਬ ਇਫ਼ਤਖਾਰ ਅਲੀ ਖਾਂ ਦੇ ਚਾਰੇ ਵਿਆਹਾਂ ਤੋਂ ਕੋਈ ਔਲਾਦ ਨਹੀਂ ਸੀ ਅਤੇ ਉਨ੍ਹਾਂ ਦਾ 20 ਨਵੰਬਰ, 1982 ਨੂੰ ਇੰਤਕਾਲ ਹੋਇਆ ਸੀ।

