ਵੈਨਕੂਵਰ, 18 ਸਤੰਬਰ (ਪ੍ਰੈਸ ਕੀ ਤਾਕਤ ਬਿਊਰੋ)
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੱਤਾਧਾਰੀ ਲਿਬਰਲਜ਼ ਨੂੰ ਇਕ ਹੋਰ ਜ਼ਿਮਨੀ ਚੋਣ ਵਿਚ ਮਿਲੀ ਹਾਰ ਮਗਰੋਂ ਕਿਹਾ ਕਿ ਉਨ੍ਹਾਂ ਦਾ ਸਾਰਾ ਧਿਆਨ ਅਗਲੇਰੇ ਕੰਮਾਂ ’ਤੇ ਹੈ। ਉਂਝ ਜ਼ਿਮਨੀ ਚੋਣ ਵਿਚ ਹਾਰ ਨਾਲ ਅਗਲੀਆਂ ਸੰਘੀ ਚੋਣਾਂ ਵਿਚ ਪਾਰਟੀ ਦੀ ਅਗਵਾਈ ਨੂੰ ਲੈ ਕੇ ਟਰੂਡੋ ਦੀ ਸਮਰੱਥਾ ਉੱਤੇ ਸਵਾਲ ਉੱਠਣ ਲੱਗੇ ਹਨ। ਲਿਬਰਲਜ਼ ਨੂੰ ਹਾਲੀਆ ਮਹੀਨਿਆਂ ਦੌਰਾਨ ਦੂਜੀ ਵਾਰ ਆਪਣੇ ਪੁਰਾਣੇ ਗੜ੍ਹ ਮੌਂਟਰੀਅਲ ਵਿਚ ਨਿਊ ਡੈਮੋਕਰੈਟਿਕ ਪਾਰਟੀ ਨਾਲ ਨਜ਼ਦੀਕੀ ਤਿੰਨ ਧਿਰੀ ਮੁਕਾਬਲੇ ਵਿਚ ਹਾਰ ਨਸੀਬ ਹੋਈ ਹੈ। ਟਰੂਡੋ ਨੇ ਓਟਵਾ ਵਿਚ ਕਿਹਾ, ‘ਜੇ ਅਸੀਂ ਜਿੱਤ ਜਾਂਦੇ ਤਾਂ ਯਕੀਨੀ ਤੌਰ ’ਤੇ ਵਧੀਆ ਹੁੰਦਾ ਪਰ ਹਾਲੇ ਬਹੁਤ ਕੰਮ ਪਏ ਹਨ। ਸਭ ਤੋਂ ਵੱਡੀ ਗੱਲ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡੀਅਨ ਇਸ ਗੱਲ ਨੂੰ ਸਮਝ ਸਕਣ ਕਿ ਉਨ੍ਹਾਂ ਅਗਲੀਆਂ ਚੋਣਾਂ ਵਿਚ ਕਿਸ ਦੀ ਚੋਣ ਕਰਨੀ ਹੈ। ਅਸੀਂ ਇਸ ਕੰਮ ਨੂੰ ਅੱਗੇ ਵੀ ਜਾਰੀ ਰੱਖਾਂਗੇ।’ ਚੋਣ ਕੈਨੇਡਾ ਵੱਲੋਂ ਐਲਾਨੇ ਨਤੀਜਿਆਂ ਵਿਚ ਬਲਾਕ ਉਮੀਦਵਾਰ ਲੂਇਸ ਫਿਲਿਪ ਸੌਵੇ 28 ਫੀਸਦ ਵੋਟਾਂ ਨਾਲ ਜੇਤੂ ਰਿਹਾ। ਲਿਬਰਲ ਉਮੀਦਵਾਰ ਲੌਰਾ ਪੈਲਸਟੀਨੀ ਨੂੰ 27.2 ਫੀਸਦ ਵੋਟਾਂ ਮਿਲੀਆਂ ਤੇ ਉਹ ਮਹਿਜ਼ 248 ਵੋਟਾਂ ਦੇ ਫ਼ਰਕ ਨਾਲ ਦੂਜੇ ਨੰਬਰ ’ਤੇ ਰਹੀ।