ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਚੰਡੀਗੜ੍ਹ ਦੇ ਹਰਿਆਣਾ ਸਕੱਤਰੇਤ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬੇ ਦੇ ਪਿੰਡਾਂ ਨਾਲ ਸਬੰਧਤ 29 ਲੱਖ ਲੋਕਾਂ ਦੇ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਪਏ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ। ਮੰਤਰੀ ਮੰਡਲ ਨੇ ਸੂਬੇ ਦੇ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ 2750 ਰੁਪਏ ਮਹੀਨਾ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਪਿੰਡਾਂ ਦੇ ਚੌਕੀਦਾਰਾਂ ਨੂੰ ਸੇਵਾਮੁਕਤੀ ’ਤੇ ਦੋ ਲੱਖ ਰੁਪਏ ਵਿੱਤੀ ਸਹਾਇਤਾ ਦੇਣ ਲਈ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਅੱਜ ਕੈਬਨਿਟ ਮੀਟਿੰਗ ਵਿੱਚ ਕੁੱਲ 17 ਏਜੰਡੇ ਰੱਖੇ ਗਏ ਸਨ, ਜਿਸ ਵਿੱਚੋਂ 15 ਏਜੰਡਿਆਂ ਨੂੰ ਪਾਸ ਕਰ ਦਿੱਤਾ ਅਤੇ ਦੋ ਏਜੰਡਿਆਂ ਨੂੰ ਅਗਲੀ ਮੀਟਿੰਗ ਲਈ ਰੋਕ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਵਿੱਚ ਰਹਿੰਦੇ 28.87 ਲੱਖ ਲੋਕਾਂ ਵੱਲ 8 ਸਾਲਾਂ ਤੋਂ ਪਾਣੀ ਦੇ ਬਿੱਲ ਬਕਾਇਆ ਸਨ। ਇਸ ਵਿੱਚੋਂ ਲੋਕਾਂ ਦੇ 1 ਅਪਰੈਲ 2015 ਤੋਂ 31 ਦਸੰਬਰ 2022 ਤੱਕ 7 ਸਾਲਾਂ ਦੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਜਦੋਂ ਕਿ ਸਰਚਾਰਜ, ਜੁਰਮਾਨਾ ਤੇ ਵਿਆਜ ਰਾਸ਼ੀ 1 ਅਪਰੈਲ 2015 ਤੋਂ 31 ਦਸੰਬਰ 2023 ਤੱਕ 8 ਸਾਲਾਂ ਦੀ ਮੁਆਫ ਕਰ ਦਿੱਤੀ ਗਈ ਹੈ। ਹੁਣ ਇਨ੍ਹਾਂ ਲੋਕਾਂ ਨੂੰ ਸਿਰਫ਼ ਇਕ ਸਾਲ ਦੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੇ ਪਾਣੀ ਦੇ ਬਿੱਲ ਮੁਆਫ ਕਰਨ ਨਾਲ 336.35 ਕਰੋੜ ਰੁਪਏ ਅਤੇ ਸਰਚਾਰਜ, ਵਿਆਜ ਦੇ 37.93 ਕਰੋੜ ਰੁਪਏ ਮੁਆਫ ਕੀਤੇ ਗਏ ਹਨ। ਇਸ ਤਰ੍ਹਾਂ ਸੂਬਾ ਸਰਕਾਰ ਨੇ ਲੋਕਾਂ ਦੇ ਬਕਾਇਆ 374.28 ਕਰੋੜ ਰੁਪਏ ਦੇ ਬਿੱਲ ਮੁਆਫ ਕਰ ਦਿੱਤੇ ਹਨ।
ਸ੍ਰੀ ਖੱਟਰ ਨੇ ਕਿਹਾ ਕਿ ਕੌਮੀ ਗੰਭੀਰ ਰੋਗ ਨੀਤੀ-2021 ਤਹਿਤ ਪੀੜਤ ਵਿਅਕਤੀਆਂ ਨੂੰ 2750 ਰੁਪਏ ਮਹੀਨੇ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਲਾਭ ਕੌਮੀ ਨੀਤੀ ਅਨੁਸਾਰ 55 ਗੰਭੀਰ ਰੋਗਾਂ ਤੋਂ ਪੀੜਤ ਰੋਗੀਆਂ ਨੂੰ ਮਿਲੇਗਾ। ਇਸ ਤੋਂ ਇਲਾਵਾ ਹੁਣ ਪਿੰਡਾਂ ਦੇ ਚੌਕੀਦਾਰਾਂ ਨੂੰ ਸੇਵਾਮੁਕਤੀ ’ਤੇ 2 ਲੱਖ ਰੁਪਏ ਯਕਮੁਸ਼ਤ ਵਿੱਤੀ ਮਦਦ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਚੌਕੀਦਾਰਾਂ ਨੂੰ ਮਹੀਨਾਵਾਰ ਮਾਣਭੱਤਾ ਵੀ 7 ਹਜ਼ਾਰ ਰੁਪਏ ਤੋਂ ਵਧਾ ਕੇ 11 ਹਜ਼ਾਰ ਅਤੇ ਵਰਦੀ ਭੱਤਾ 2500 ਰੁਪਏ ਤੋਂ ਵਧਾ ਕੇ 4 ਹਜ਼ਾਰ ਰੁਪਏ ਕਰਨ ਦਾ ਫੈਸਲਾ ਕੀਤਾ ਹੈ।
ਹਰਿਆਣਾ ਤੋਂ 9 ਫਰਵਰੀ ਨੂੰ ਅਯੁੱਧਿਆ ਜਾਵੇਗਾ ਜਥਾ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਅਯੁੱਧਿਆ ਵੱਲੋਂ 22 ਜਨਵਰੀ ਨੂੰ ਭਗਵਾਨ ਰਾਮ ਨੂੰ ਸਮਰਪਿਤ ਸਮਾਗਮ ਲਈ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਤੋਂ 9 ਫਰਵਰੀ ਨੂੰ ਅਯੁੱਧਿਆ ਲਈ ਜਥਾ ਰਵਾਨਾ ਹੋਵੇਗਾ। ਇਸ ਲਈ ਰੇਲਵੇ ਤੋਂ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਹਰੇਕ ਮੰਦਰ ਵਿੱਚ ਦੀਪਮਾਲਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
