ਪਾਲੂ – ਇੰਡੋਨੇਸ਼ੀਆ ਵਿੱਚ ਬੀਤੇ ਬੁੱਧਵਾਰ ਆਈ ਭੂਚਾਲ ਤੇ ਸੁਨਾਮੀ ਦੀ ਤਬਾਹੀ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਧ ਕੇ 1400 ਹੋ ਗਈ ਹੈ ਅਤੇ ਬਚਾਓ ਕਾਰਜਾਂ ਲਈ ਸਮਾਂ ਬੀਤਦਾ ਜਾ ਰਿਹਾ ਹੈ ਤੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਨੇ ਦਿੱਤੀ ਹੈ ਕਿ ਸਥਿਤੀ ਦੇ ਟਾਕਰੇ ਲਈ ਬਹੁਤ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ।
ਕੌਮੀ ਆਫ਼ਤ ਟਾਕਰਾ ਏਜੰਸੀ ਦੇ ਤਰਜਮਾਨ ਸੁਤੋਪੋ ਪੁਰਵੋ ਨੁਗਰੋਹੋ ਨੇ ਕਿਹਾ ਕਿ ਤਹਿਸ ਨਹਿਸ ਹੋਏ ਸਾਹਿਲੀ ਸ਼ਹਿਰ ਪਾਲੂ ਦੇ ਆਸ ਪਾਸ ਚਾਰ ਖੇਤਰਾਂ ਵਿੱਚ ਮਰਨ ਵਾਲਿਆਂ ਦੀ ਸੰਖਿਆ ਵਧ ਕੇ 1407 ਹੋ ਗਈ ਹੈ ਅਤੇ 519 ਮ੍ਰਿਤਕ ਦੇਹਾਂ ਦਾ ਪਹਿਲਾਂ ਹੀ ਸਸਕਾਰ ਕੀਤਾ ਜਾ ਚੁੱਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚਾਓ ਕਾਰਜਾਂ ਲਈ ਅੰਤਮ ਸਮਾਂ ਸੀਮਾ ਸ਼ੁੱਕਰਵਾਰ ਹੈ ਤਦ ਤੱਕ ਇਸ ਤਬਾਹੀ ਵਿੱਚ ਜ਼ਿੰਦਾ ਬਚੇ ਲੋਕਾਂ ਨੂੰ ਲੱਭਣ ਦੀ ਸੰਭਾਵਨਾ ਨਾਂਹ ਦੇ ਕਰੀਬ ਰਹਿ ਜਾਵੇਗੀ। ਸਰਕਾਰੀ ਬਚਾਓ ਕਰਮੀ ਸ਼ਹਿਰ ਦੇ ਆਲੇ ਦੁਆਲੇ ਚਾਰ ਥਾਵਾਂ ’ਤੇ ਜੁਟੇ ਹੋਏ ਹਨ ਜਿਨ੍ਹਾਂ ਵਿੱਚ ਹੋਟਲ ਰੋਆ ਰੋਆ ਜਿੱਥੇ ਅਜੇ ਵੀ 60 ਦੇ ਕਰੀਬ ਲੋਕ ਦਬੇ ਹੋਏ ਹਨ, ਇਕ ਸ਼ਾਪਿੰਗ ਮਾਲ, ਇਕ ਰੈਸਤਰਾਂ ਅਤੇ ਬਾਲਾਰੋਆ ਇਲਾਕਾ ਜਿੱਥੇ ਭੂਚਾਲ ਦੀ ਮਾਰ ਕਾਰਨ ਜ਼ਮੀਨ ਦਲ ਦਲ ਵਿੱਚ ਤਬਦੀਲ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ ਘੱਟ 150 ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋ ਸਕਦੇ ਹਨ। ਸੰਯੁਕਤ ਰਾਸ਼ਟਰ ਦੇ ਮਾਨਵੀ ਵਿਭਾਗ ਨੇ ਕਿਹਾ ਕਿ ਲਗਪਗ ਦੋ ਲੱਖ ਲੋਕਾਂਂ ਨੂੰ ਫੌਰੀ ਸਹਾਇਤਾ ਦੀ ਲੋੜ ਹੈ ਜਿਨ੍ਹਾਂ ਵਿੱਚ ਹਜ਼ਾਰਾਂ ਬੱਚੇ ਹਨ । ਇਕ ਅਨੁਮਾਨ ਮੁਤਾਬਕ ਭੂਚਾਲ ਕਾਰਨ 66000 ਘਰ ਤਬਾਹ ਹੋ ਗਏ ਜਾਂ ਨੁਕਸਾਨੇ ਗਏ ਹਨ। ਇੰਡੋਨੇਸ਼ੀਆ ਸਰਕਾਰ ਵੱਲੋਂ ਵਿਦੇਸ਼ੀ ਰਾਹਤ ਟੀਮਾਂ ਨੂੰ ਅਪੀਲ ਕਰਨ ਦੇ ਬਾਵਜੂਦ ਡੌਂਗਲਾ ਸੂਬੇ ਦੇ ਵਾਨੀ ਜਿਹੇ ਦੂਰ ਦਰਾਜ਼ ਖੇਤਰਾਂ ਵਿੱਚ ਅਜੇ ਤਾਈਂ ਮਦਦ ਨਹੀਂ ਪਹੁੰਚੀ।

