ਚੰਡੀਗੜ੍ਹ, – ਅਕਾਲੀ ਦਲ ਦੀ 7 ਅਕਤੂਬਰ ਨੂੰ ਪਟਿਆਲਾ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੋਜ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਅੱਜ ਸੁਖਬੀਰ ਬਾਦਲ ਆਪਣੇ ਸੰਗਰੂਰ ਦੌਰੇ ‘ਤੇ ਸਨ ਜਿਥੇ ਉਨ੍ਹਾਂ ਦੇ ਵਿਰੋਧ ਵਿੱਚ ਪਹਿਲਾਂ ਤੋਂ ਪ੍ਰਦਰਸ਼ਨਕਾਰੀ ਕਾਲੀਆਂ ਝੰਡੀਆਂ ਫੜ ਉਡੀਕ ਕਰ ਰਹੇ ਸਨ। ਇੰਨਾ ਹੀ ਨਹੀਂ ਜਦੋਂ ਸੁਖਬੀਰ ਸੰਗਰੂਰ ਵੱਲ੍ਹ ਜਾ ਰਹੇ ਸਨ ਤਾਂ ਉਨ੍ਹਾਂ ਦੇ ਕਾਫਲੇ ‘ਤੇ ਵਿਰੋਧ ਕਰਨ ਵਾਲਿਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸੁਖਬੀਰ ਨੂੰ ਕਿਸੇ ਵੀ ਗੁਰੂ ਘਰ ‘ਚ ਨਹੀਂ ਬੋਲਣ ਦੇਣਗੇ। ਉਥੇ ਹੀ ਸ਼੍ਰੋਮਣੀ ਅਕਾਲੀ ਨੇ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਉੱਤੇ ਕੀਤੇ ਗਏ ਘਿਣਾਉਣੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਹਮਲਾ ਅਕਾਲੀ ਦਲ ਨੂੰ ਡਰਾਉਣ ਲਈ ਕਾਂਗਰਸ ਅਤੇ ਸੂਬਾ ਪੁਲਿਸ ਦੀ ਰਲੀ ਮਿਲੀ ਸਾਜ਼ਿਸ਼ ਹੈ ਜੋ ਕਿ ਪਾਰਟੀ ਦੀ 7 ਅਕਤੂਬਰ ਵਾਲੀ ਪਟਿਆਲਾ ਰੈਲੀ ਵਿਚ ਰੁਕਾਵਟ ਪਾਉਣ ਦੇ ਮੰਤਵ ਨਾਲ ਕਰਵਾਇਆ ਗਿਆ।
