ਨਵੀਂ ਦਿੱਲੀ – ਮੀ ਟੂ ਅਭਿਆਨ ਦੇ ਤਹਿਤ ਯੋਨ ਉਤਪੀੜਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਕਿਹਾ ਕਿ ਮੇਰੇ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ ਝੂਠੇ ਅਤੇ ਮਨ-ਘੜਤ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮਾਮਲੇ ਉਤੇ ਪਹਿਲਾਂ ਜਵਾਬ ਨਹੀਂ ਦੇ ਸਕਿਆ, ਕਿਉਂਕਿ ਮੈਂ ਸਰਕਾਰੀ ਦੌਰੇ ‘ਤੇ ਵਿਦੇਸ਼ ਗਿਆ ਸੀ। ਉਨ੍ਹਾਂ ਨੇ ਅਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਅਪਣੇ ਉਤੇ ਲੱਗੇ ਯੋਨ ਉਤਪੀੜਨ ਦੇ ਦੋਸ਼ਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਣਗੇ। ਉਨ੍ਹਾਂ ਨੇ ਕਿਹਾ ਕਿ ਗਵਾਹੀ ਤੋਂ ਬਿਨਾਂ ਇਲਜ਼ਾਮ ਕੁਝ ਵਰਗਾਂ ਦੇ ਵਿਚ ਇਕ ਵਾਇਰਲ ਬੁਖ਼ਾਰ ਬਣ ਗਿਆ ਹੈ। ਜੋ ਕੁਝ ਵੀ ਮਾਮਲਾ ਹੈ, ਹੁਣ ਮੈਂ ਵਾਪਸ ਆ ਗਿਆ ਹਾਂ, ਮੇਰੇ ਵਕੀਲ ਇਸ ਬੇਬੁਨਿਆਦ ਦੋਸ਼ਾਂ ਨੂੰ ਕਾਨੂੰਨੀ ਕਾਰਵਾਈ ਦੇ ਜ਼ਰੀਏ ਵੇਖਾਂਗੇ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਆਮ ਚੋਣਾਂ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦਾ ਤੂਫ਼ਾਨ ਕਿਉਂ ਉੱਠਿਆ? ਕੀ ਇਸ ਦੇ ਪਿੱਛੇ ਕੋਈ ਏਜੰਡਾ ਹੈ? ਤੁਸੀਂ ਹੀ ਫ਼ੈਸਲਾ ਕਰੋ। ਇਸ ਝੂਠੇ ਬੇਬੁਨਿਆਦ ਅਤੇ ਬੇਹੁਦਾ ਦੋਸ਼ਾਂ ਕਾਰਨ ਮੇਰੀ ਇੱਜ਼ਤ ਨੂੰ ਨੁਕਸਾਨ ਪਹੁੰਚਿਆ ਹੈ। ਕੇਂਦਰੀ ਮੰਤਰੀ ਨੇ ਕਿਹਾ, ਝੂਠ ਦੇ ਪੈਰ ਨਹੀਂ ਹੁੰਦੇ ਹਨ ਪਰ ਉਨ੍ਹਾਂ ਵਿਚ ਇਕ ਜ਼ਹਿਰ ਹੁੰਦਾ ਹੈ, ਜਿਸ ਨੂੰ ਇਕ ਪਾਗਲਪਨ ਵਿਚ ਕਿਸੇ ਉਤੇ ਵੀ ਮਾਰ ਦਿਤਾ ਜਾਂਦਾ ਹੈ। ਇਹ ਬਹੁਤ ਹੀ ਚਿੰਤਾਜਨਕ ਹੈ। ਮੈਂ ਉਚਿਤ ਕਾਨੂੰਨੀ ਕਾਰਵਾਈ ਕਰਾਂਗਾ। ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ, ਪ੍ਰਿਆ ਰਮਾਨੀ ਨੇ ਇਕ ਸਾਲ ਪਹਿਲਾਂ ਇਕ ਪਤ੍ਰਿਕਾ ਵਿਚ ਲੇਖ ਦੇ ਜ਼ਰੀਏ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਮੇਰਾ ਨਾਮ ਤੱਕ ਨਹੀਂ ਲਿਆ ਸੀ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਇਕ ਝੂਠੀ ਕਹਾਣੀ ਹੈ।
