ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਪਹਿਲਾ ਟੀਚਾ ਤਾਂ ਸਾਰੀਆਂ ਪਾਰਟੀਆਂ ਨੂੰ ਇਕੱਠਿਆਂ ਕਰਕੇ ਭਾਜਪਾ ਨੂੰ ਹਰਾਉਣਾ ਹੈ। ਇਸ ਮਗਰੋਂ ਜੇ ਉਨ੍ਹਾਂ ਦੇ ਭਾਈਵਾਲ ਚਾਹੁਣਗੇ ਤਾਂ ਉਹ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਦੋ ਪੜਾਵੀ ਪ੍ਰਕਿਰਿਆ ਹੈ ਅਤੇ ਕੌਣ ਪ੍ਰਧਾਨ ਮੰਤਰੀ ਬਣਦਾ ਹੈ, ਇਹ ਦੂਜੇ ਨੰਬਰ ਉੱਤੇ ਆਉਂਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਸਪਾ ਮੁਖੀ ਮਾਇਆਵਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਵਿੱਚ ਕਾਂਗਰਸ ਨਾਲ ਗੱਠਜੋੜ ਨਾ ਕਰਨ ਦੇ ਫ਼ੈਸਲੇ ਦਾ ਪਾਰਟੀ ਦੀਆਂ ਰਾਜ ਵਿੱਚ ਚੋਣ ਸੰਭਾਵਨਾਵਾਂ ’ਤੇ ਕੋਈ ਅਸਰ ਨਹੀਂ ਪਏਗਾ। ਰਾਹੁਲ ਨੇ ਹਾਲਾਂਕਿ ਦਾਅਵਾ ਕੀਤਾ ਕਿ ਬਸਪਾ 2019 ਦੀਆਂ ਆਮ ਚੋਣਾਂ ਲਈ ਪਾਰਟੀ ਨਾਲ ਹੱਥ ਜ਼ਰੂਰ ਮਿਲਾਏਗੀ। ਚੇਤੇ ਰਹੇ ਕਿ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਪਾਰਟੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਅਗਾਮੀ ਅਸੈਂਬਲੀ ਚੋਣਾਂ ਲਈ ਕਾਂਗਰਸ ਨਾਲ ‘ਕਿਸੇ ਵੀ ਕੀਮਤ’ ਉੱਤੇ ਗੱਠਜੋੜ ਨਹੀਂ ਕਰੇਗੀ। ਬਸਪਾ ਮੁਖੀ ਦੇ ਇਸ ਐਲਾਨ ਨਾਲ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਭਾਜਪਾ ਖ਼ਿਲਾਫ਼ ਸਾਂਝਾ ਫਰੰਟ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਇਥੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘ਮੈਨੂੰ ਨਹੀਂ ਲਗਦਾ ਕਿ ਬਸਪਾ ਨਾਲ ਗੱਠਜੋੜ ਨਾ ਹੋਣ ਦਾ ਮੱਧ ਪ੍ਰਦੇਸ਼ ਚੋਣਾਂ ਵਿੱਚ ਪਾਰਟੀ ਦੀਆਂ ਚੋਣ ਸੰਭਾਵਨਾਵਾਂ ’ਤੇ ਕੋਈ ਅਸਰ ਪਏਗਾ।’ ਉਂਜ ਰਾਹੁਲ ਨੇ ਮੰਨਿਆ ਕਿ ਗੱਠਜੋੜ ਹੋ ਜਾਂਦਾ ਤਾਂ ਸਥਿਤੀ ਹੋਰ ਬਿਹਤਰ ਹੁੰਦੀ।
