ਬੀਜਿੰਗ – ਅਮਰੀਕਾ ਅਤੇ ਚੀਨ ਵਿਚਾਲੇ ਟ੍ਰੇਡ ਵਾਰ ਦੇ ਵਧਣ ਅਤੇ ਬੀਜਿੰਗ ਵੱਲੋਂ ਦੱਖਣੀ ਚੀਨ ਸਾਗਰ ‘ਚ ਫੌਜੀ ਮੌਜੂਦਗੀ ‘ਚ ਵਾਧੇ ਨੂੰ ਲੈ ਕੇ ਤਣਾਅ ਵਿਚਾਲੇ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸੋਮਵਾਰ ਨੂੰ ਇਥੇ ਮੁਲਾਕਾਤ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ‘ਤੇ ਹੋਰ ਸ਼ੁਲਕ ਲਾ ਦਿੱਤਾ ਸੀ ਅਤੇ ਮੰਗ ਕੀਤੀ ਸੀ ਕਿ ਬੀਜਿੰਗ 355 ਅਰਬ ਡਾਲਰ ਦਾ ਵਪਾਰ ਘਾਟਾ ਘੱਟ ਕਰੇ। ਇਸ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਜੂਨ ਤੋਂ ਟ੍ਰੇਡ ਵਾਰ ਛਿੜੀ ਹੋਈ ਹੈ। ਚੀਨ ਨੇ ਵੀ ਅਮਰੀਕਾ ਤੋਂ ਆਉਣ ਵਾਲੀਆਂ ਚੀਜ਼ਾਂ ‘ਤੇ ਜਵਾਬੀ ਸ਼ੁਲਕ ਲਾ ਦਿੱਤਾ ਅਤੇ ਉਦੋਂ ਤੋਂ ਉਹ ਇਕ-ਦੂਜੇ ਦੇ ਦੇਸ਼ ਤੋਂ ਆਉਣ ਵਾਲੀਆਂ ਚੀਜ਼ਾਂ ‘ਤੇ ਅਰਬਾਂ ਡਾਲਰ ਦਾ ਹੋਰ ਸ਼ੁਲਕ ਲਾ ਚੁੱਕੇ ਹਨ। ਚੀਨ ਦੀ ਯਾਤਰਾ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਅਧਿਕਾਰੀ ਨਾਲ ਦੋਹਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ‘ਤੇ 5 ਘੰਟੇ ਲੰਬੀ ਗੱਲਬਾਤ ਕੀਤੀ। ਪੋਂਪੀਓ ਪੂਰਬੀ ਏਸ਼ੀਆ ਦੀ ਮੌਜੂਦਾ ਯਾਤਰਾ ਦੇ ਆਖਰੀ ਪੜਾਅ ‘ਚ ਚੀਨ ਪਹੁੰਚੇ ਹਨ। ਉਹ ਆਪਣੀ ਯਾਤਰਾ ਦੌਰਾਨ ਦੱਖਣੀ ਕੋਰੀਆ, ਉੱਤਰੀ ਕੋਰੀਆ ਅਤੇ ਜਾਪਾਨ ਜਾ ਚੁੱਕੇ ਹਨ। ਸਰਕਾਰੀ ਟੀ. ਵੀ. ਨੇ ਉਨ੍ਹਾਂ ਵਿਚਾਲੇ ਦੀ ਚਰਚਾ ਨੂੰ ਆਮ ਦੱਸਿਆ ਹੈ ਕਿਉਂਕਿ ਸ਼ੁਰੂਆਤੀ ਟਿੱਪਣੀ ‘ਚ ਦੋਹਾਂ ਨੇ ਵੱਡੇ ਬਿਆਨ ਦਿੱਤੇ। ਵਾਂਗ ਨੇ ਆਪਣੀ ਟਿੱਪਣੀ ‘ਚ ਅਮਰੀਕੀ ਨਾਲ ਕਾਰੋਬਾਰੀ ਟਕਰਾਅ, ਤਾਇਵਾਨ ਦੇ ਮੁੱਦੇ ਅਤੇ ਦੱਖਣੀ ਚੀਨ ਸਾਗਰ ‘ਤੇ ਵਿਵਾਦ ਨੂੰ ਲੈ ਕੇ ਗੁਮਰਾਹ ਕਰਨ ਵਾਲੀਆਂ ਟਿੱਪਣੀਆਂ ਅਤੇ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਨੂੰ ਕਿਹਾ। ਉਥੇ ਆਪਣੀ ਸ਼ੁਰੂਆਤੀ ਟਿੱਪਣੀ ‘ਚ ਪੋਂਪੀਓ ਨੇ ਆਖਿਆ ਕਿ ਅਸੀਂ ਚੀਨ ਦੀਆਂ ਕਾਰਵਾਈਆਂ ਤੋਂ ਬਹੁਤ ਚਿੰਤਤ ਹਾਂ। ਮੈਂ ਇਸ ਮੌਕੇ ਦਾ ਫਾਇਦਾ ਉਨ੍ਹਾਂ ਸਾਰਿਆਂ ਮੁੱਦਿਆਂ ‘ਤੇ ਚਰਚਾ ਕਰਨ ਲਈ ਚੁੱਕਣਾ ਚਾਹੁੰਦਾ ਹੈ।
