ਪਟਿਆਲਾ – ਕੁੱਲ ਹਿੰਦ ਅੰਤਰਵਰਸਿਟੀ ਕਰਾਸ ਕੰਟਰੀ ਚੈਂਪੀਅਨਸ਼ਿਪ ਦੇ ਮਹਿਲਾ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਅੱਜ ਟੀਮ ਦੀਆਂ ਖਿਡਾਰਣਾਂ ਅਤੇ ਕੋਚਿਜ਼ ਦਾ ਯੂਨੀਵਰਸਿਟੀ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਗੁਲਬਰਗਾ ਯੂਨੀਵਰਸਿਟੀ, ਕਰਨਾਟਕਾ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਭਜੋਤ ਕੌਰ, ਪ੍ਰਭਜੀਤ ਕੌਰ, ਪਰਮਿੰਦਰ ਕੌਰ, ਸੁਮਨ ਰਾਣੀ, ਮਮਤਾ ਅਤੇ ਸੁਨੀਤਾ ‘ਤੇ ਅਧਾਰਿਤ ਟੀਮ ਨੇ ਕੋਚ ਸ. ਧਰਮਿੰਦਰਪਾਲ ਸਿੰਘ ਅਤੇ ਸ. ਹਰਭਜਨ ਸਿੰਘ ਦੀ ਅਗਵਾਈ ਹੇਠ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਤੇ ਵਰਸਿਟੀ ਦੇ ਉੱਪ ਕੁਲਪਤੀ ਡਾ. ਬੀ.ਐਸ.ਘੁੰਮਣ ਅਤੇ ਅਥਾਰਟੀ ਦੇ ਉੱਚ ਅਧਿਕਾਰੀਆਂ ਵੱਲੋਂ ਖਿਡਾਰੀਆਂ, ਕੋਚਿਜ਼ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਗਈ। ਪ੍ਰੋ. ਹਰਬੰਸ ਕੌਰ ਮੋਰਿੰਡਾ ਬਤੌਰ ਮੈਨੇਜਰ ਟੀਮ ਨਾਲ ਗਏ। ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਵੱਲੋਂ ਵੀ ਖਿਡਾਰੀਆਂ ਅਤੇ ਉਹਨਾਂ ਨਾਲ ਗਏ ਆਫੀਸੀਅਲਜ਼ ਨੂੰ ਇਸ ਮਾਣਮੱਤੀ ਪ੍ਰਾਪਤੀ ਤੇ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ 48 ਅੰਕ ਪ੍ਰਾਪਤ ਕਰਕੇ ਇਸ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ ਇਸਦੇ ਨਾਲ ਹੀ ਮੰਗਲੌਰ ਯੂਨੀਵਰਸਿਟੀ ਨੇ 50 ਅੰਕਾਂ ਨਾਲ ਦੂਸਰੇ ਅਤੇ ਡੀ.ਡੀ.ਯੂ. ਗੋਰਖਪੁਰ ਯੂਨੀਵਰਸਿਟੀ ਨੇ 53 ਅੰਕਾਂ ਨਾਲ ਤੀਸਰੇ ਸਥਾਨ ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ। ਇਸ ਮੌਕੇ ਤੇ ਖਿਡਾਰੀਆਂ ਨੇ ਉਪ ਕੁਲਪਤੀ ਸਾਹਿਬ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੇ ਮੈਡਲ ਪ੍ਰਾਪਤ ਕਰਨ ਵਿੱਚ ਸਾਡੇ ਕੋਚਿਜ਼, ਯੂਨੀਵਰਸਿਟੀ ਅਥਾਰਟੀ ਦਾ ਯੋਗਦਾਨ ਹੈ ਅਤੇ ਸਭ ਤੋਂ ਵੱਡਾ ਯੋਗਦਾਨ ਡਾ. ਦਲਬੀਰ ਸਿੰਘ ਰੰਧਾਵਾ ਦਾ ਹੈ ਅਤੇ ਇਹ ਮੈਡਲ ਦਲਬੀਰ ਸਿੰਘ ਨੂੰ ਸਮਰਪਿਤ ਹੈ।
