ਫ਼ਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ, 30 ਨਵੰਬਰ (ਨਾਗਪਾਲ) : ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਸਨਅਤ ਨੀਤੀ ਸਦਕਾ ਲੋਹਾ ਨਗਰੀ ਮੰਡੀ ਗੋਬਿੰਦੜ੍ਹ ਦੀ ਸਨਅਤ ਮੁੜ ਖੜ੍ਹੀ ਹੋਈ ਹੈ ਤੇ 05 ਅਤੇ 06 ਦਸੰਬਰ ਨੂੰ ਐਸ.ਏ.ਐਸ. ਨਗਰ ਮੋਹਾਲੀ ਸਥਿਤ ਆਈ.ਐਸ.ਬੀ. ਵਿਖੇ ਕਰਵਾਇਆ ਜਾ ਰਿਹਾ ਪ੍ਰੋਗਰੈਸਿਵ ਪੰਜਾਬ ਸੰਮੇਲਨ ਸੂਬੇ ਦੀ ਸਨਅਤ ਨੂੰ ਬੁਲੰਦੀਆਂ ਉਤੇ ਪੁਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ, ਪੰਜਾਬ ਦੇ ਸਲਾਹਕਾਰ ਤੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਮੰਡੀ ਗੋਬਿੰਦੜ੍ਹ ਵਿਖੇ 500 ਤੋਂ ਵਧੇਰੇ ਛੋਟੇ ਤੇ ਦਰਮਿਆਨੇ ਯੂਨਿਟ ਸਟੀਲ ਰੋਲਿੰਗ, ਕਾਸਟਿੰਗ ਅਤੇ ਫੈਬਰੀਕੇਟਿੰਗ ਦੇ ਖੇਤਰ ਵਿੱਚ ਕਾਰਜਸ਼ੀਲ ਹਨ ਤੇ ਪਿਛਲੇ ਦੋ ਸਾਲ ਦੌਰਾਨ ਪੰਜਾਬ ਨੇ ਸਟੀਲ ਉਤਪਾਦਨ ਅਪਰੇਸ਼ਨਜ਼ ਵਿੱਚ 33 ਫੀਸਦ ਦਾ ਵਾਧਾ ਦਰਜ ਕੀਤਾ ਹੈ ਤੇ ਪਿਛਲੇ ਇਕ ਸਾਲ ਦੌਰਾਨ ਇਸ ਖੇਤਰ ਵਿੱਚ 600 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।
ਸ. ਨਾਗਰਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿਖੇ ਲੇਬਰ ਮਿਲਣ ਸਬੰਧੀ ਦਿੱਕਤ ਨਾ ਹੋਣ, ਸਨਅਤ ਤੇ ਲੇਬਰ ਦੇ ਸਾਜ਼ਗਾਰ ਸਬੰਧ, ਰਹਿੰਦ ਦੀ ਵੱਡੇ ਪੱਧਰ ਉਤੇ ਰਿਕਵਰੀ ਤੇ ਰਹਿੰਦ ਦੀ ਅੰਦਰੂਨੀ ਖ਼ਪਤ, ਫਾਇਨਾਂਸ ਸਬੰਧੀ ਵੱਖ ਵੱਖ ਸਾਧਨਾਂ ਦੀ ਮੌਜੂਦਗੀ, 100 ਫੀਸਦ ਸੜਕਾਂ ਦਾ ਵਿਛਿਆ ਜਾਲ ਅਜਿਹੇ ਅਹਿਮ ਪੱਖ ਹਨ ਜੋ ਕਿ ਨਵੇਂ ਸਟੀਲ ਕਲਸਟਰਾਂ ਦੀ ਸਥਾਪਨਾ ਤੇ ਲੋਹਾ ਨਗਰੀ ਦੀ ਸਨਅਤ ਦੀ ਪ੍ਰਫੁਲਤਾ ਵਿੱਚ ਯੋਗਦਾਨ ਪਾ ਰਹੇ ਹਨ।
ਮੁੱਖ ਮੰਤਰੀ ਦੇ ਸਲਾਹਕਾਰ ਨੇ ਦੱਸਿਆ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਪਹਿਲਾਂ ਅਜਿਹਾ ਨਹੀਂ ਸੀ ਤੇ ਸਨਅਤ ਦੀ ਹਾਲਤ ਬਹੁਤ ਮੰਦੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਵੱਧ ਟੈਕਸ ਦਰਾਂ ਕਾਰਨ ਕੱਚੇ ਮਾਲ ਦੀਆਂ ਵੱਧ ਕੀਮਤਾਂ, ਮਹਿੰਗੀ ਬਿਜਲੀ ਅਤੇ ਆਲਮੀ ਮੰਦੀ ਕਾਰਨ 100 ਤੋਂ ਵੱਧ ਸਨਅਤੀ ਇਕਾਈਆਂ ਬੰਦ ਹੋ ਗਈਆਂ ਸਨ। ਸ. ਨਾਗਰਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਸੂਬੇ ਦੀ ਸਨਅਤ ਵਿੱਚ ਨਵੀਂ ਰੂਹ ਫੂਕਣ ਦੇ ਮੰਤਵ ਨਾਲ ਸਨਅਤੀ ਵਿਕਾਸ ਨੀਤੀ 2017 ਬਣਾਈ ਅਤੇ ਪੁਰਾਣੀਆਂ ਸਨਅਤਾਂ ਨੂੰ ਸੁਰਜੀਤ ਕਰਨ ਲਈ ਜੀ.ਐਸ.ਟੀ., ਜਾਇਦਾਦ ਟੈਕਸ, ਸਟੈਂਪ ਡਿਊਟੀ ਅਤੇ ਬਿਜਲੀ ਡਿਊਟੀ ਸਬੰਧੀ ਛੋਟ ਦਿੱਤੀ। ਇਸ ਦੇ ਨਾਲ ਨਾਲ ਸਟੀਲ ਸਨਅਤ ਨੂੰ ਸਨਅਤਾਂ ਸਬੰਧੀ ਨੈਗੇਟਿਵ ਸੂਚੀ ਵਿੱਚੋਂ ਬਾਹਰ ਕੱਢ ਕੇ ਵਿੱਤੀ ਸਪਾਂਸਰਸਿ਼ਪ ਦੇ ਨਵੇਂ ਰਾਹ ਖੋਲ੍ਹੇ ਗਏ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਨਅਤ ਨੂੰ ਬਿਜਲੀ 05 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2017-18 ਦੌਰਾਨ ਇਕ ਸਾਲ ਵਿੱਚ ਹੀ ਆਮਦਨ ਕਰ ਦੀ ਕੁਲੈਕਸ਼ਨ ਵਿੱਚ 114 ਫੀਸਦ ਦਾ ਵਾਧਾ (77 ਕਰੋੜ ਤੋਂ 165 ਕਰੋੜ) ਦਰਜ ਕੀਤਾ ਗਿਆ, ਜੋ ਕਿ ਸਨਅਤ ਦੇ ਮੁੜ ਸੁਰਜੀਤ ਹੋਣ ਦਾ ਸਪਸ਼ਟ ਸਬੂਤ ਹੈ।
ਮੁੱਖ ਮੰਤਰੀ ਦੇ ਸਲਾਹਕਾਰ ਨੇ ਕਿਹਾ ਕਿ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਇਸ ਗੱਲ ਦੀ ਮਿਸਾਲ ਹੈ ਕਿ ਕਿਵੇਂ ਨਿਵੇਸ਼ ਤੇ ਸਨਅਤ ਪੱਖੀ ਨੀਤੀ ਨਾਲ ਨਿਵੇਸ਼ ਅਤੇ ਸਨਅਤ ਨੂੰ ਹੁਲਾਰਾ ਦੇਣ ਲਈ ਇਕ ਸਾਜ਼ਗਾਰ ਮਾਹੌਲ ਸਿਰਜ ਕੇ ਡੁੱਬ ਰਹੀ ਸਨਅਤ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰ ਕੇ ਤਰੱਕੀ ਦੇ ਨਵੇਂ ਰਾਹਾਂ ਉਤੇ ਪਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਸਨਅਤ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪ੍ਰਭਾਤ ਹੈਵੀ ਫੌਰਜ ਦੇ ਐਮ.ਡੀ. ਸ਼੍ਰੀ ਦਿਨੇਸ਼ ਗੁਪਤਾ ਨੇ ਕਿਹਾ ਕਿ ਸਨਅਤੀ ਸਬੰਧੀ ਮਾਹੌਲ ਵਿੱਚ ਸਕਾਰਾਤਮਕ ਬਦਲਾਅ ਆਇਆ ਹੈ ਤੇ ਸਨਅਤ ਮਿਆਰ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਇਸੇ ਪੱਖ ਨੂੰ ਧਿਆਨ ਵਿੱਚ ਰੱਖ ਕੇ ਹੀ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ।
