ਫ਼ਤਹਿਗੜ੍ਹ ਸਾਹਿਬ, 01 ਦਸੰਬਰ (ਨਾਗਪਾਲ) : ਪੰਜਾਬ ਸਰਕਾਰ ਦੀ ਸਨਅਤੀ ਨੀਤੀ ਸਦਕਾ ਮੰਡੀ ਗੋਬਿੰਦੜ੍ਹ ਵਿਚਲੀ ਸਨਅਤ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਤੇ ਮੰਡੀ ਗੋਬਿੰਦੜ੍ਹ ਵਿਖੇ 41 ਨਵੀਆਂ ਸਨਅਤੀ ਇਕਾਈਆਂ ਦੀ ਸਥਾਪਤੀ ਸਬੰਧੀ 600 ਕਰੋੜ ਤੋਂ ਵੱਧ ਦੇ ਸਮਝੌਤਿਆਂ ’ਤੇ ਸਹੀ ਪਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਐਸ.ਏ.ਐਸ. ਨਗਰ ਵਿਖੇ 05 ਅਤੇ 06 ਦਸੰਬਰ ਨੂੰ ਕਰਵਾਇਆ ਜਾ ਰਿਹਾ ਪ੍ਰੋਗਰੈਸਿਵ ਪੰਜਾਬ ਸੰਮੇਲਨ ਮੰਡੀ ਗੋਬਿੰਗੜ੍ਹ ਵਿਚਲੀ ਸਨਅਤ ਨੂੰ ਬੁਲੰਦੀਆਂ ’ਤੇ ਲਿਜਾਣ ਵਿੱਚ ਸਹਾਈ ਸਿੱਧ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਸਨਅਤ ਸਬੰਧੀ ਲੋੜਾਂ ਨੂੰ ਮੁੱਖ ਰੱਖਦਿਆਂ ਮੰਡੀ ਗੋਬਿੰਦਗੜ੍ਹ ਨੇੜੇ 133 ਏਕੜ ਵਿੱਚ ਨਵਾਂ ਫੋਕਲ ਪੁਆਇੰਟ ਵੀ ਬਣਾਇਆ ਜਾ ਰਿਹਾ ਹੈ।
ਸ਼੍ਰੀਮਤੀ ਗਿੱਲ ਨੇ ਦੱਸਿਆ ਕਿ ਸਨਅਤ ਨੂੰ ਹੁੰਗਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਲੈਟਰ ਆਫ਼ ਰੈਗੂਲੇਟਰੀ ਕਲੀਅਰੈਂਸ ਜਾਂ ਲਾਇਸੈਂਸ ਆਫ਼ ਰੈਗੂਲੇਟਰੀ ਕਲੀਅਰੈਂਸਿਜ਼ ਤਹਿਤ ਪਹਿਲੇ, ਦੂਜੇ ਤੇ ਤੀਜੇ ਪੜਾਅ ਦੀ ਅਪਰੂਵਲ ਨੂੰ ਹਟਾ ਕੇ ਵਨ ਸਟਾਪ ਕਲੀਅਰੈਂਸ ਮਾਡਲ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਸਨਅਤ ਨੂੰ 05 ਰੁਪਏ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਸਨਅਤੀ ਬਿਜਲੀ ਲੋਡ ਵਿੱਚ ਸਾਲ 2017-18 ਦੇ ਮੁਕਾਬਲੇ 2018-19 ਦੌਰਾਨ 08.3 ਫੀਸਦ ਦਾ ਵਾਧਾ ਹੋਇਆ ਤੇ ਸਾਲ 2015-16 ਦੇ ਮੁਕਾਬਲਤਨ 15.8 ਫੀਸਦ ਵਾਧਾ ਦਰਜ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿਚਲੀ ਸਨਅਤ ਨੂੰ ਸਰਕਾਰ ਦੀਆਂ ਨੀਤੀਆਂ ਨਾਲ ਜੋ ਹੁੰਗਾਰਾ ਮਿਲ ਰਿਹਾ ਹੈ, ਉਸ ਨਾਲ ਮੰਡੀ ਗੋਬਿੰਦਗੜ੍ਹ ਦੀ ਸਨਅਤ ਸੂਬੇ ਨੂੰ ਸਨਅਤ ਪੱਖੋਂ ਅੱਵਲ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਸਨਅਤ ਲਈ ਮੰਡੀ ਗੋਬਿੰਦਗੜ੍ਹ ਵਿਖੇ ਸਿਰਜੇ ਸਾਜ਼ਗਾਰ ਮਾਹੌਲ ਸਦਕਾ ਵੱਡੀ ਗਿਣਤੀ ਨਿਵੇਸ਼ਕ ਇਥੇ ਨਿਵੇਸ਼ ਲਈ ਤਤਪਰ ਹਨ ਤੇ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਸਨਅਤਕਾਰਾਂ ਤੇ ਨਿਵੇਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
