ਚੰਡੀਗੜ੍ਹ – ਕੇਂਦਰੀ ਰੇਲਵੇ ਮੰਤਰਾਲਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਉਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ, ਜਿਸ ‘ਚ ਉਨ੍ਹਾਂ ਨੇ ਸ਼੍ਰੀ ਗੁਰੂ ਰਵੀਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ, ਜਲੰਧਰ ਵਲੋਂ 5 ਜਨਵਰੀ 2019 ਤੋਂ 5 ਫਰਵਰੀ 2019 ਤਕ ਪੂਰਾ ਇਕ ਮਹੀਨਾ ਕਰਵਾਏ ਜਾਣ ਵਾਲੇ ਗੁਰੂ ਰਵੀਦਾਸ ਜੀ ਦੀ ਜਨਮ ਵਰ੍ਹੇਗੰਢ ਦੇ ਸਮਾਗਮਾਂ ਦੌਰਾਨ ਸ਼ਰਧਾਲੂਆਂ ਲਈ ਕਿਫਾਇਤੀ ਦਰਾਂ ‘ਤੇ ਯਾਤਰਾ ਦੀ ਸਹੂਲਤ ਦੇਣ ਲਈ ਆਖਿਆ ਸੀ। ਇਸ ਦੀ ਜਾਣਕਾਰੀ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਇਸ ਸੰਬੰਧੀ ਉਨ੍ਹਾਂ ਦੀ ਗੁਜਾਰਿਸ਼ ਨੂੰ ਇਕ ਵਿਸ਼ੇਸ਼ ਮਾਮਲੇ ਵਜੋਂ ਸਵੀਕਾਰ ਕਰ ਲਿਆ ਹੈ। ਜਿਸ ਵਾਸਤੇ ਜਨਮ ਅਸਥਾਨ ਚੈਰੀਟੇਬਲ ਟਰੱਸਟ ਵਲੋਂ ਉਨ੍ਹਾਂ ਤਾਂਈ ਪਹੁੰਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਇਕ ਮਹੀਨੇ ਦੌਰਾਨ ਅੰਬਾਲਾ, ਜਲੰਧਰ, ਬਠਿੰਡਾ, ਪੁਣੇ ਅਤੇ ਵਾਰਾਨਸੀ ਤੋਂ ਆਉਣ ਅਤੇ ਜਾਣ ਵਾਲੀਆਂ ਰੇਲ ਗੱਡੀਆਂ ‘ਚ ਸਾਰੇ ਸ਼ਰਧਾਲੂਆਂ ਨੂੰ ਸੈਕੰਡ ਕਲਾਸ ਸਲੀਪਰ ‘ਚ ਯਾਤਰਾ ਕਰਨ ਲਈ 50 ਫੀਸਦੀ ਰਿਆਇਤ ਦਿੱਤੀ ਜਾਵੇਗੀ।

