ਅੰਮਿ੍ਤਸਰ ,30 ਜੁਲਾਈ 2018 – ਦੁਬਈ ‘ਚ ਆਪਣੀ ਜਾਨ ਗੁਵਾ ਬੈਠੇ ਗੁਰਦਾਪੁਰ ਜਿਲੇ ਨਾਲ ਸਬੰਧਿਤ ਪਿੰਡ ਵੜੈਚ ਦੇ 43 ਸਾਲਾ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਦੱਸਣਯੋਗ ਹੈ ਕਿ ਪੇਸ਼ੇ ਤੋਂ ਗੋਤਾਖੋਰ ਕੁਲਵਿੰਦਰ ਸਿੰਘ ਪਿਛਲੇ ਕੁਝ ਵਰਿਆਂ ਤੋਂ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਲੈ ਕੇ ਦੁਬਈ ਗਿਆ ਸੀ ਕਿ ਬੀਤੀ 12 ਜੁਲਾਈ ਨੂੰ ਉਹ ਆਪਣੇ ਕੰਮ ਲਈ ਸਮੁੰਦਰ ਵਿੱਚ ਗੋਤਾ ਲਾ ਕੇ ਪਾਣੀ ਹੇਠਾਂ ਗਿਆ ਅਤੇ ਅਚਾਨਕ ਆਕਸੀਜਨ ਘੱਟ ਜਾਣ ਕਾਰਨ ਉਸ ਦੀ ਮੌਤ ਦੀ ਹੋ ਗਈ ਸੀ ।
ਜਦ ਪਰਿਵਾਰ ਨੂੰ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨਾਂ ਕੁਲਵਿੰਦਰ ਦੇ ਦੋਸਤਾਂ ਦੀ ਮਦਦ ਨਾਲ ਡਾ. ਓਬਰਾਏ ਨਾਲ ਸੰਪਰਕ ਕਰਕੇ ਉਨਾਂ ਨੂੰ ਕੁਲਵਿੰਦਰ ਸਿੰਘ ਦੀ ਮਿ੍ਤਕ ਦੇਹ ਭਾਰਤ ਲੈ ਕੇ ਆਉਣ ਦੀ ਅਰਜੋਈ ਕੀਤੀ ਸੀ,ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸ.ਓਬਰਾਏ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦਾ ਜ਼ਿੰਮਾ ਆਪਣੇ ਸਿਰ ਲਿਆ ਸੀ।
ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਗਟ ਕਰਨ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ ਤੇ ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਨੌਜਵਾਨ ਸਮੇਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 71 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਉਨਾਂ ਇਹ ਵੀ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਮ੍ਤਿਕ ਦੇਹ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੇ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ।
ਏਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮਿ੍ਤਕ ਦੇ ਜੀਜੇ ਹਰਪਾਲ ਸਿੰਘ ਧਾਲੀਵਾਲ,ਸਾਲੇ ਹਰਜਿੰਦਰ ਸਿੰਘ ਤੋਂ ਇਲਾਵਾ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਾਂ ਉਨਾਂ ਲਈ ਰੱਬ ਬਣ ਬਹੁੜੇ ਹਨ ਅਤੇ ਜੇਕਰ ਸ.ਓਬਰਾਏ ਉਨਾਂ ਦੀ ਮਦਦ ਨਾ ਕਰਦੇ ਤਾਂ ਉਹ ਕਦੇ ਵੀ ਕੁਲਵਿੰਦਰ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ। ਉਨਾਂ ਇਹ ਵੀ ਕਿਹਾ ਕਿ ਉਨਾਂ ਦਾ ਪਰਿਵਾਰ ਡਾ.ਓਬਰਾਏ ਦੇ ਇਸ ਪਰਉਪਕਾਰ ਲਈ ਉਨਾਂ ਦਾ ਹਮੇਸ਼ਾ ਰਿਣੀ ਰਹੇਗਾ । ਇਸ ਮੌਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ‘ਚ ਰਾਜਬੀਰ ਸਿੰਘ ਗਿੱਲ,ਸਤਨਾਮ ਸਿੰਘ,ਰਸ਼ਪਾਲ ਸਿੰਘ,ਸਿਮਰਨਜੀਤ ਸਿੰਘ,ਬਲਵਿੰਦਰ ਸਿੰਘ,ਗੁਰਮੇਜ਼ ਸਿੰਘ ਆਦਿ ਮੌਜ਼ੂਦ ਸਨ ।

