ਚੰਡੀਗੜ੍ਹ – ਕਰਜਾ ਮੁਕਤੀ ਕਿਸਾਨ ਲਹਿਰ ਦੇ ਸਿਰਮੌਰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦਾ ਅੱਠਵਾਂ ਸ਼ਰਧਾਂਜਲੀ ਸਮਾਗਮ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੂਰੇ ਇਨਕਲਾਬੀ ਜੋਸ਼-ਖਰੋਸ਼ ਨਾਲ ਚੱਕ ਅਲੀਸ਼ੇਰ ਵਿਖੇ ਮਨਾਇਆ ਗਿਆ। ਇਸ ਵਿੱਚ ਹਜਾਰਾਂ ਦੀ ਤਾਦਾਦ ‘ਚ ਕਿਸਾਨ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਯਾਦ ‘ਚ ਉਸਾਰੇ ਯਾਦਗਾਰੀ ਗੇਟ ਉੱਪਰ ਜਥੇਬੰਦੀ ਦਾ ਝੰਡਾ ਝੁਲਾਉਣ ਦੀ ਰਸਮ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ‘ਚ ਸਮੁੱਚੀ ਸੂਬਾ ਕਮੇਟੀ ਵੱਲੋਂ ਅਦਾ ਕੀਤੀ ਗਈ। ਦੋ ਮਿੰਟ ਦਾ ਮੋਨ ਧਾਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸ਼ਹੀਦ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣ ਦਾ ਅਹਿਦ ਕੀਤਾ।
