ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਵੀ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਹਾਲਾਂਕਿ ਦੁਪਹਿਰ ਮੌਕੇ ਥੋੜ੍ਹੇ ਸਮੇਂ ਲਈ ਨਿਕਲੀ ਮੱਠੀ ਧੁੱਪ ਕਰਕੇ ਲੋਕਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ। ਅੱਜ ਦਿਨ ਸਮੇਂ ਸ਼ਹਿਰ ਵਿੱਚ ਠੰਢੀਆਂ ਹਵਾਵਾਂ ਕਰਕੇ ਤਾਪਮਾਨ ਵਿੱਚ ਵੀ 3.4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉੱਧਰ, ਮੌਸਮ ਵਿਭਾਗ ਵੱਲੋਂ 3, 4 ਤੇ 5 ਜਨਵਰੀ ਨੂੰ ਸ਼ਹਿਰ ਵਿੱਚ ਧੁੰਦ ਦੇ ਨਾਲ-ਨਾਲ ਜ਼ੋਰਾਂ ਦੀ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਸ਼ਹਿਰ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਕਰਕੇ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ 1.8 ਡਿਗਰੀ ਵੱਧ ਦਰਜ ਕੀਤਾ ਹੈ। ਅੱਜ ਸਵੇਰ ਸਮੇਂ ਤੋਂ ਹੀ ਪੈ ਰਹੀ ਅਤਿ ਦੀ ਠੰਢ ਕਰਕੇ ਵੱਡੀ ਗਿਣਤੀ ਵਿੱਚ ਲੋਕ ਥਾਂ-ਥਾਂ ’ਤੇ ਅੱਗ ਸੇਕਦੇ ਦਿਖਾਈ ਦਿੱਤੇ। ਉੱਧਰ ਅਤਿ ਦੀ ਠੰਢ ਕਰਕੇ ਚੌਕਾ ’ਤੇ ਕੰਮ ਦੀ ਆਸ ਵਿੱਚ ਖੜਨ ਵਾਲੇ ਦਿਹਾੜੀਦਾਰ ਕਾਮੇ ਵੀ ਵਿਹਲੇ ਹੀ ਖੜੇ ਰਹੇ, ਜਿਨ੍ਹਾਂ ਨੂੰ ਕੋਈ ਕੰਮ ਨਾ ਮਿਲਿਆ। ਕੰਮ ਨਾ ਮਿਲਣ ਕਰਕੇ ਦਿਹਾੜੀਦਾਰ ਕਾਮਿਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।

