ਦਿੱਲੀ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਕੇਜਰੀਵਾਲ ਸਰਕਾਰ ਨੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਵੱਡਾ ਕਦਮ ਚੁੱਕਿਆ ਹੈ। ਸਰਕਾਰ ਰਾਣੀਖੇੜਾ ’ਚ 147 ਏਕੜ ਜ਼ਮੀਨ ’ਤੇ ਉਦਯੋਗਿਕ ਹੱਬ ਬਣਾਉਣ ਜਾ ਰਹੀ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਹ ਜ਼ਮੀਨ ਡੀਡੀਏ ਤੋਂ ਉਦਯੋਗਿਕ ਹੱਬ ਬਣਾਉਣ ਲਈ ਲਈ ਜਾ ਰਹੀ ਹੈ। ਦਿੱਲੀ ਸਰਕਾਰ ਨੇ ਰਾਣੀਖੇੜਾ ਵਿੱਚ ਨਵੇਂ ਉਦਯੋਗਿਕ ਹੱਬ ਨੂੰ ਵਿਕਸਤ ਕਰਨ ਦੀ ਜ਼ਿੰਮੇਵਾਰੀ ਡੀਐੱਸਆਈਆਈਡੀਸੀ ਨੂੰ ਸੌਂਪ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਸਨਅਤੀ ਹੱਬ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੇ ਵਿਕਾਸ ਦੌਰਾਨ ਹਰ ਬੁਨਿਆਦੀ ਚੀਜ਼ ਦਾ ਧਿਆਨ ਰੱਖਿਆ ਜਾਵੇਗਾ। ਇਹ ਉਦਯੋਗਿਕ ਹੱਬ ਪੂਰੀ ਤਰ੍ਹਾਂ ਈਕੋ-ਫਰੈਂਡਲੀ ਹੋਵੇਗਾ। ਇਸ ਵਿੱਚ ਆਈਟੀ, ਮੀਡੀਆ, ਬਾਇਓਟੈਕਨਾਲੋਜੀ, ਖੋਜ ਅਤੇ ਨਵੀਨਤਾ ਹੱਬ ਸਮੇਤ ਹੋਰ ਉਦਯੋਗ ਸਥਾਪਤ ਕੀਤੇ ਜਾਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਯੋਗਿਕ ਹੱਬ ਦੇ ਵਿਕਾਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਦੇ ਲਈ ਸਬੰਧਤ ਵਿਭਾਗ ਨੂੰ ਲੋੜੀਂਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੰਭਾਵਨਾ ਹੈ ਕਿ ਇਸ ਵਿੱਚ ਕਈ ਕਲੱਸਟਰ ਵੀ ਹੋਣਗੇ, ਜਿੱਥੇ ਬਹੁ-ਲੇਬਲ ਇਮਾਰਤਾਂ ਬਣਾਈਆਂ ਜਾਣਗੀਆਂ। ਸਰਕਾਰ ਉਦਯੋਗ ਲਗਾਉਣ ਲਈ ਰਿਆਇਤੀ ਦਰਾਂ ’ਤੇ ਜ਼ਮੀਨ ਮੁਹੱਈਆ ਕਰਵਾਏਗੀ ਅਤੇ ਇਕ ਵਾਰ ਇਸ ਦੇ ਵਿਕਸਤ ਹੋਣ ਨਾਲ ਲੱਖਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ।

