ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਤੇ ਚੀਨੀ ਕੰਪਨੀਆਂ ਅਤੇ ਨਾਗਰਿਕਾਂ ਉਤੇ ਪਾਬੰਦੀ ਲਾਉਣ ਦੇ ਜਵਾਬ ਵਿਚ ਅਮਰੀਕਾ ਦੀਆਂ ਰੱਖਿਆ ਖੇਤਰ ਨਾਲ ਜੁੜੀਆਂ ਪੰਜ ਕੰਪਨੀਆਂ ’ਤੇ ਅੱਜ ਪਾਬੰਦੀ ਲਾ ਦਿੱਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਪਾਬੰਦੀਆਂ ਨਾਲ ਚੀਨ ਵਿਚ ਇਨ੍ਹਾਂ ਕੰਪਨੀਆਂ ਦੀ ਸੰਪਤੀ ਕੁਰਕ ਹੋ ਜਾਵੇਗੀ ਤੇ ਚੀਨ ਵਿਚਲੇ ਸੰਗਠਨ ਤੇ ਲੋਕ ਇਨ੍ਹਾਂ ਨਾਲ ਕਾਰੋਬਾਰ ਨਹੀਂ ਕਰ ਸਕਣਗੇ। ਜਿਨ੍ਹਾਂ ਕੰਪਨੀਆਂ ਉਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿਚ ਬੀਏਈ ਸਿਸਟਮਜ਼ ਲੈਂਡ ਐਂਡ ਆਰਮਾਮੈਂਟਸ, ਏਲੀਐਂਟ ਟੈੱਕਸਿਸਟਮਜ਼ ਅਪਰੇਸ਼ਨਜ਼, ਡੇਟਾ ਲਿੰਕ ਸਲਿਊਸ਼ਨਜ਼ ਤੇ ਹੋਰ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਕਦਮਾਂ ਨੇ ਚੀਨ ਦੀ ਪ੍ਰਭੂਸੱਤਾ ਤੇ ਸੁਰੱਖਿਆ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਤਾਇਵਾਨ ਨਾਲ ਲੱਗਦੇ ਸਮੁੰਦਰੀ ਖੇਤਰ ਵਿਚ ਸ਼ਾਂਤੀ-ਸਥਿਰਤਾ ਨੂੰ ਕਮਜ਼ੋਰ ਕੀਤਾ ਹੈ ਤੇ ਚੀਨੀ ਕੰਪਨੀਆਂ ਤੇ ਨਾਗਰਿਕਾਂ ਦੇ ਹੱਕਾਂ ਤੇ ਹਿੱਤਾਂ ਦਾ ਉਲੰਘਣ ਕੀਤਾ ਹੈ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਚੀਨ ਸਰਕਾਰ ਆਪਣੀ ਖ਼ੁਦਮੁਖਤਿਆਰੀ, ਸੁਰੱਖਿਆ ਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਤੇ ਚੀਨੀ ਕੰਪਨੀਆਂ ਤੇ ਨਾਗਰਿਕਾਂ ਦੇ ਕਾਨੂੰਨੀ ਹੱਕਾਂ ਤੇ ਹਿੱਤਾਂ ਦੀ ਰੱਖਿਆ ਲਈ ਆਪਣੇ ਅਹਿਦ ਉਤੇ ਮਜ਼ਬੂਤੀ ਨਾਲ ਖੜ੍ਹੀ ਹੈ। ਚੀਨ ਵੱਲੋਂ ਇਹ ਐਲਾਨ ਤਾਇਵਾਨ ਵਿਚ ਰਾਸ਼ਟਰਪਤੀ ਚੋਣਾਂ ਤੋਂ ਕਰੀਬ ਹਫਤਾ ਪਹਿਲਾਂ ਕੀਤਾ ਗਿਆ ਹੈ। ਚੀਨ ਨੇ ਹਾਲਾਂਕਿ ਜ਼ਿਕਰ ਨਹੀਂ ਕੀਤਾ ਕਿ ਉਸ ਨੇ ਇਹ ਕਦਮ ਅਮਰੀਕਾ ਵੱਲੋਂ ਕੀਤੇ ਹਥਿਆਰਾਂ ਦੇ ਕਿਹੜੇ ਸੌਦੇ ਜਾਂ ਪਾਬੰਦੀਆਂ ਦੇ ਜਵਾਬ ਵਿਚ ਚੁੱਕਿਆ ਹੈ।

