ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦਿੱਲੀ ਪੁਲੀਸ ਨੇ ਇਥੋਂ ਦੀ ਇਕ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੋਸ਼ ਆਇਦ ਕਰੇ। ਪੁਲੀਸ ਨੇ ਮੁਲਜ਼ਮ ਦੀ ਇਸ ਦਲੀਲ ਦਾ ਵਿਰੋਧ ਕੀਤਾ ਕਿ ਕੁਝ ਕਥਿਤ ਘਟਨਾਵਾਂ ਵਿਦੇਸ਼ ’ਚ ਹੋਈਆਂ ਹਨ, ਇਸ ਲਈ ਉਹ ਦਿੱਲੀ ਦੀਆਂ ਅਦਾਲਤਾਂ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦੀਆਂ। ਪੁਲੀਸ ਨੇ ਇਸ ਦੇ ਨਾਲ ਹੀ ਬ੍ਰਿਜ ਭੂਸ਼ਣ ਖ਼ਿਲਾਫ਼ ਦੋਸ਼ ਤੈਅ ਕਰਨ ਬਾਰੇ ਜਿਰ੍ਹਾ ਪੂਰੀ ਕਰ ਲਈ ਹੈ। ਪੁਲੀਸ ਨੇ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਪ੍ਰਿਯੰਕਾ ਰਾਜਪੂਤ ਅੱਗੇ ਦਲੀਲ ਦਿੱਤੀ ਕਿ ਬ੍ਰਿਜ ਭੂਸ਼ਣ ਵੱਲੋਂ ਵਿਦੇਸ਼ ਅਤੇ ਦਿੱਲੀ ਸਮੇਤ ਮੁਲਕ ਦੇ ਅੰਦਰ ਕੀਤੀਆਂ ਗਈਆਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਉਸੇ ਅਪਰਾਧ ਦਾ ਹਿੱਸਾ ਹਨ। ਪੁਲੀਸ ਨੇ ਜੱਜ ਨੂੰ ਕਿਹਾ,‘‘ਇਸ ਮਾਮਲੇ ਦੀ ਸੁਣਵਾਈ ਦਾ ਅਧਿਕਾਰ ਦਿੱਲੀ ਦੀ ਅਦਾਲਤ ਕੋਲ ਹੈ।’’ ਅਦਾਲਤ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਜਨਵਰੀ ਨੂੰ ਕਰੇਗੀ।

