ਹਰਿਆਣਾ,12 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਸਮੇਤ ਦੇਸ਼ ਦੇ ਉੱਤਰੀ ਸੂਬਿਆਂ ‘ਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਹੜ੍ਹ ਅਤੇ ਹੋਰ ਖਤਰਿਆਂ ਨੂੰ ਦੇਖਦੇ ਹੋਏ ਰਾਜ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਸਵੇਰੇ ਇੱਥੇ ਸੀਨੀਅਰ ਅਧਿਕਾਰੀਆਂ ਨਾਲ ਐਮਰਜੈਂਸੀ ਬੈਠਕ ਕੀਤੀ। ਸਕੱਤਰੇਤ ‘ਚ ਆਯੋਜਿਤ ਇਸ ਬੈਠਕ ‘ਚ ਖੱਟੜ ਨੇ ਅਧਿਕਾਰੀਆਂ ਨਾਲ ਰਾਜ ਦੇ ਹਾਲਾਤ ‘ਤੇ ਚਰਚਾ ਕੀਤੀ ਅਤੇ ਜਾਨੀ-ਮਾਲੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਰੋਕਣ ਲਈ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਰਾਜ ‘ਚ ਹਾਲਾਤ ‘ਤੇ ਨਜ਼ਰ ਰੱਖਣ ਲਈ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਹਨ। ਬੈਠਕ ‘ਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਡੀ.ਐੱਸ. ਢੇਸੀ, ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ ਮਾਲੀਆ ਅਤੇ ਆਫ਼ਤ ਪ੍ਰਬੰਨ, ਗ੍ਰਹਿ, ਸ਼ਹਿਰੀ ਅਤੇ ਸਥਾਨਕ ਬਾਡੀ, ਗ੍ਰਾਮੀਣ ਵਿਕਾਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਖੱਟੜ ਨੇ ਹਰਿਆਣਾ ਦੇ ਕੁਝ ਲੋਕਾਂ ਦੇ ਮਨਾਲੀ ‘ਚ ਫਸੇ ਹੋਣ ਦੀ ਸੂਚਨਾ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦ ਸਿੰਘ ਸੁੱਖੂ ਨਾਲ ਗੱਲਬਾਤ ਕਰ ਕੇ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਾਰੇ ਲੋਕ ਉੱਥੇ ਸੁਰੱਖਿਅਤ ਹਨ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਮਿਲ ਕੇ ਹਾਲਾਤ ‘ਤੇ ਨਜ਼ਰ ਰੱਖਣ ਦੇ ਨਾਲ ਹੀ ਇਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਹਰਿਆਣਾ ਸਰਕਾਰ ਨੇ ਰਾਜ ਦੇ ਲੋਕਾਂ ਲਈ ਭਾਰੀ ਮੀਂਹ ਕਾਰਨ ਐਡਵਾਇਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਜ਼ਰੂਰਤ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਤੱਕ ਮੀਂਹ ਜਾਰੀ ਰਹਿਣ ਦਾ ਖ਼ਦਸ਼ਾ ਜਤਾਇਆ ਹੈ। ਭਾਰੀ ਮੀਂਹ ਕਾਰਨ ਹਾਲਾਤ ਦੇਖਦੇ ਹੋਏ ਅਤੇ ਜ਼ਰੂਰਤ ਅਨੁਸਾਰ ਸਕੂਲ ਬੰਦ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਰਾਸ਼ਟਰ ਆਫ਼ਤ ਰਾਹਤ ਫ਼ੋਰਸ ਅਤੇ ਰਾਜ ਆਫ਼ਤ ਰਾਹਤ ਫ਼ੋਰਸ ਤਾਇਨਾਤ ਕੀਤੀਆਂ ਗਈਆਂ ਹਨ। ਰਾਜ ‘ਚ ਹੇਠਲੇ ਇਲਾਕਿਆਂ ‘ਚ ਪਾਣੀ ਭਰਨ ਕਾਰਨ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਰਾਜ ‘ਚ ਮੀਂਹ ਕਾਰਨ ਪ੍ਰਭਾਵਿਤਾਂ ਦੇ ਖਾਣ-ਪੀਣ ਦੇ ਪੂਰੇ ਇੰਤਜ਼ਾਮ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।