ਇਥੋਂ ਦੀ ਇਕ ਅਦਾਲਤ ਨੇ ‘ਆਪ’ ਆਗੂ ਸੰਜੈ ਸਿੰਘ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮਾਣਹਾਨੀ ਕੇਸ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਮਹੇਂਦਰ ਸਿੰਘ ਨੂੰ ਇਕ ਲੱਖ ਰੁਪਏ ਅਦਾ ਕਰੇ। ਸਿਵਲ ਜੱਜ (ਸੀਨੀਅਰ ਡਿਵੀਜ਼ਨ) ਕਮਲਾ ਕਾਂਤ ਗੁਪਤਾ ਨੇ ‘ਆਪ’ ਦੇ ਰਾਜ ਸਭਾ ਮੈਂਬਰ ਨੂੰ ਨਿਰਦੇਸ਼ ਦਿੱਤੇ ਕਿ ਉਹ ਦੋ ਮਹੀਨਿਆਂ ਦੇ ਅੰਦਰ ਇਹ ਰਕਮ ਅਦਾ ਕਰੇ, ਨਹੀਂ ਤਾਂ ਬਾਅਦ ’ਚ ਰਕਮ ’ਤੇ ਛੇ ਫ਼ੀਸਦੀ ਵਿਆਜ ਵੀ ਭਰਨਾ ਪਵੇਗਾ। ਅਦਾਲਤ ਨੇ ਸੰਜੈ ਸਿੰਘ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ‘ਆਪ’ ਆਗੂ ਨੇ 8 ਅਗਸਤ, 2021 ਨੂੰ ਲਖਨਊ ’ਚ ਪ੍ਰੈੱਸ ਕਾਨਫਰੰਸ ਦੌਰਾਨ ਤਤਕਾਲੀ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ’ਤੇ ਜਲ ਜੀਵਨ ਮਿਸ਼ਨ ’ਚ ਭ੍ਰਿਸ਼ਟਾਚਾਰ ’ਚ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਮਹੇਂਦਰ ਸਿੰਘ ਨੇ ਸੰਜੈ ਸਿੰਘ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਦਿਆਂ 21 ਲੱਖ ਰੁਪਏ ਮੰਗੇ ਸਨ।
