ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਯੂਕਰੇਨ ਦੇ ਹਮਰੁਤਬਾ ਦਮਿਤਰੋ ਕੁਲੇਬਾ ਨਾਲ ਯੂਕਰੇਨ ਵਿੱਚ ਚੱਲ ਰਹੀ ਜੰਗ, ਕੀਵ ਦੇ ਸ਼ਾਂਤੀ ਫਾਰਮੂਲੇ ਅਤੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ। ਜੈਸ਼ੰਕਰ ਦੇ ਹਾਲ ਹੀ ਵਿੱਚ ਰੂਸ ਦੇ ਪੰਜ ਰੋਜ਼ਾ ਦੌਰੇ ਤੋਂ ਕੁਝ ਦਿਨਾਂ ਬਾਅਦ ਦੋਹਾਂ ਆਗੂਆਂ ਵਿਚਾਲੇ ਫੋਨ ’ਤੇ ਇਹ ਗੱਲਬਾਤ ਹੋਈ ਹੈ। ਰੂਸ ਦੇ ਆਪਣੇ ਦੌਰੇ ਦੌਰਾਨ ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਵਿਆਪਕ ਗੱਲਬਾਤ ਕੀਤੀ ਸੀ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਮੁਲਾਕਾਤ ਕੀਤੀ ਸੀ। ਵਿਦੇਸ਼ ਮੰਤਰੀ ਨੇ ‘ਐਕਸ’ ’ਤੇ ਕਿਹਾ, ‘‘ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨਾਲ ਅੱਜ ਕਾਫੀ ਜ਼ਰੂਰੀ ਗੱਲਬਾਤ ਹੋਈ। ਅਗਲੇ ਸਾਲ ਵਿੱਚ ਆਪਣਾ ਦੁਵੱਲਾ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ। ਯੂਕਰੇਨ ਵਿੱਚ ਚੱਲ ਰਹੀ ਜੰਗ ਬਾਰੇ ਵਿਚਾਰ-ਵਟਾਂਦਰਾ ਹੋਇਆ।’’ ਉੱਧਰ, ਕੁਲੇਬਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨੂੰ ‘ਸ਼ਾਂਤੀ ਫਾਰਮੂਲੇ’ ਅਤੇ ਆਗੂਆਂ ਦੇ ਆਲਮੀ ਸ਼ਾਂਤੀ ਸੰਮੇਲਨ ਸਬੰਧੀ ਯੂਕਰੇਨ ਦੀ ਯੋਜਨਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘2024 ਵਿੱਚ ਮੈਂ ਪਹਿਲਾ ਫੋਨ ਡਾ. ਐੱਸ ਜੈਸ਼ੰਕਰ ਨੂੰ ਕੀਤਾ ਅਤੇ ਯੂਕਰੇਨ ਤੇ ਭਾਰਤ ਸਬੰਧਾਂ ਬਾਰੇ ਗੱਲਬਾਤ ਕੀਤੀ। ਮੈਂ ਆਪਣੇ ਹਮਰੁਤਬਾ ਨੂੰ ਯੂਕਰੇਨ ਵਿੱਚ ਰੂਸ ਦੀਆਂ ਅਤਿਵਾਦੀ ਗਤੀਵਿਧੀਆਂ ਵਿੱਚ ਵਾਧੇ ਬਾਰੇ ਅਤੇ ਵੱਡੀ ਪੱਧਰ ’ਤੇ ਹੁੰਦੇ ਹਵਾਈ ਹਮਲਿਆਂ ਬਾਰੇ ਸੂਚਿਤ ਕੀਤਾ।’’

