ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਕੌਮੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ) ਦੀ ਸ਼ਾਖ਼ਾ ਦਾ ਅੰਬਾਲਾ ਛਾਉਣੀ ਦੇ ਨੱਗਲ ਖੇਤਰ ਵਿੱਚ ਵਰਚੁਅਲ ਨੀਂਹ ਪੱਥਰ ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿੱਜ ਅਤੇ ਰਾਜ ਸਭਾ ਮੈਂਬਰ ਕਾਰਤਿਕੇਯ ਸ਼ਰਮਾ ਦੀ ਮੌਜੂਦਗੀ ਵਿੱਚ ਰੱਖਿਆ।
ਵੀਸੀ ਦੇ ਜ਼ਰੀਏ ਐੱਨਸੀਡੀਸੀ ਕੇਂਦਰਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਸਮੇਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ’ਤੇ ਦੇਸ਼ ਵਿਚ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ। ਅੱਜ ਜਿਨ੍ਹਾਂ ਸ਼ਾਖ਼ਾਵਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਵਿੱਚ ਗੁਹਾਟੀ (ਅਸਾਮ), ਨੱਗਲ-ਕਰਧਾਨ (ਹਰਿਆਣਾ), ਕਸੌਲੀ (ਹਿਮਾਚਲ ਪ੍ਰਦੇਸ਼), ਦੇਵਧਰ (ਝਾਰਖੰਡ), ਬੰਗਲੁਰੂ (ਕਰਨਾਟਕ) ਭੁਪਾਲ (ਮੱਧ ਪ੍ਰਦੇਸ਼), ਅਜਰਾਵਲ (ਮਿਜ਼ੋਰਮ), ਭੁਵਨੇਸ਼ਵਰ (ਉੜੀਸਾ), ਚੇਨੱਈ (ਤਾਮਿਲ ਨਾਡੂ), ਕੋਲਕਾਤਾ (ਪੱਛਮੀ ਬੰਗਾਲ) ਦੀਆਂ ਐੱਨਸੀਡੀਸੀ ਸ਼ਾਖ਼ਾਵਾਂ ਸ਼ਾਮਲ ਹਨ। ਇਸ ਮੌਕੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਹਰ ਕੰਮ ਲਈ ਦਿੱਲੀ ਜਾਣਾ ਪੈਂਦਾ ਸੀ ਅਤੇ ਇੱਕੋ ਏਮਸ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਨੇ ਹਰ ਪ੍ਰਦੇਸ਼ ਵਿਚ ਏਮਸ ਬਣਾ ਦਿੱਤਾ ਹੈ। ਦੇਸ਼ ਵਿਚ ਕਰੀਬ 350 ਮੈਡੀਕਲ ਕਾਲਜ ਬਣੇ ਹਨ। ਇਸੇ ਤਰ੍ਹਾਂ ਐਨਸੀਡੀਸੀ ਦੀ ਲੈਬ ਕੇਵਲ ਦਿੱਲੀ ਵਿਚ ਸੀ ਅਤੇ ਅੱਜ ਦੇਸ਼ ਦੇ ਕਈ ਪ੍ਰਦੇਸ਼ਾਂ ਵਿਚ ਐਨਸੀਡੀਸੀ ਲੈਬ ਦਾ ਉਦਘਾਟਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਛਾਉਣੀ ਦੇ ਨੱਗਲ ਪਿੰਡ ਵਿਚ ਬਣ ਰਹੀ ਐੱਨਸੀਡੀਸੀ ਦੀ ਇਸ ਸ਼ਾਖ਼ਾ ਵਿਚ ਸਾਰੀਆਂ ਗੰਭੀਰ ਬਿਮਾਰੀਆਂ ਅਤੇ ਵਾਇਰਸ ਦੇ ਟੈੱਸਟ ਹੋਣਗੇ ਜੋ ਹਸਪਤਾਲ ਜਾਂ ਆਮ ਲੈਬਜ਼ ਵਿਚ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕਰੀਬ 14 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਏਕੜ ਵਿਚ ਬਣ ਰਹੀ ਇਹ ਸ਼ਾਖ਼ਾ ਹਰਿਆਣਾ, ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਸਮੇਤ ਪੰਜ ਰਾਜਾਂ ਲਈ ਕਾਇਮ ਕੀਤੀ ਗਈ ਹੈ। ਰਾਜ ਸਭਾ ਮੈਂਬਰ ਕਾਰਤੀਕੇ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ।
