12 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) ਖ਼ੇਤੀ ਵਿਰਾਸਤ ਮਿਸ਼ਨ ਅਤੇ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਦੇ ਪ੍ਰੋਜੈਕਟ ਭੂਮੀ ਦੇ ਤਹਿਤ ਪਟਿਆਲਾ ਜਿਲੇ ਦੇ ਘਨੌਰ ਬਲਾਕ ਦੇ 35 ਪਿੰਡਾਂ ਵਿਚ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਇਸੇ ਮੁਹਿੰਮ ਦੇ ਤਹਿਤ ਘਨੌਰ ਬਲਾਕ ਦੇ ਦੌਣ ਕਲਾਂ ਪਿੰਡ ਵਿੱਚ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਅਤੇ ਖ਼ੇਤੀ ਵਿਰਾਸਤ ਮਿਸ਼ਨ ਦੀ ਟੀਮ ਵੱਲੋਂ ਖੇਤਾਂ ਦਾ ਦੌਰਾ ਕੀਤਾ ਗਿਆ। ਦੌਣ ਕਲਾਂ ਪਿੰਡ ਦੇ 200ਏਕੜ ਵਿਚ ਹੈਪੀ ਸੀਡਰ ਦੁਆਰਾ ਕਣਕ ਦੀ ਬਿਜਾਈ ਕੀਤੀ ਗਈ , 300 ਏਕੜ ਵਿੱਚ ਬੇਲਰ ਮਸ਼ੀਨ ਨਾਲ ਪਰਾਲੀ ਦੀਆਂ ਗੰਢਾਂ ਬਣਾਈਆਂ ਗਈਆਂ ਅਤੇ 100 ਤੋਂ ਵੱਧ ਏਕੜ ਵਿਚ ਸੁਪਰ ਸੀਡਰ ਨਾਲ ਬਿਨਾਂ ਅੱਗ ਲਗਾਏ ਬਿਜਾਈ ਕੀਤੀ ਗਈ। ਅੱਜ ਬਿਨਾ ਅੱਗ ਲਗਾਏ ਇਸੇ ਰਕਬੇ ਨੂੰ ਵੇਖਣ ਲਈ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਦੇ ਡਾ. ਜਗਮੋਹਨ ਸੈਣੀ ਨੇ ਪਿੰਡ ਦੇ ਸ੍ਰੀ ਲਾਭ ਸਿੰਘ ਦੇ ਖੇਤ ਵਿਚ ਹੈਪੀ ਸੀਡਰ ਨਾਲ 26ਏਕੜ ਵਿੱਚ ਕੀਤੀ ਗਈ ਬਿਜਾਈ ਦਾ ਮੁਆਇਨਾ ਕੀਤਾ ਅਤੇ ਓਹਨਾ ਦੇ ਅਨੁਭਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਲਾਭ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਨ ਨਾਲ ਆਮ ਖੇਤਾਂ ਦੇ ਮੁਕਾਬਲੇ ਖ਼ਰਚ ਬਹੁਤ ਹੀ ਘੱਟ ਆਉਂਦਾ ਹੈ ਅਤੇ ਫ਼ਸਲ ਦੀ ਪੈਦਾਵਾਰ ਵੀ ਬਹੁਤ ਹੀ ਵਧੀਆ ਹੁੰਦੀ ਹੈ । ਇਸ ਮੌਕੇ ਡਾ. ਜਗਮੋਹਨ ਸੈਣੀ ਜੀ ਨੇ ਹੋਰਨਾਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਿਵੇਂ ਕਿ ਬਿਜਾਈ ਲਈ ਖੇਤ ਤਿਆਰੀ ਵਿਚ ਮਸ਼ੀਨਾਂ ਦੀ ਘੱਟ ਤੋਂ ਘੱਟ ਵਰਤੋਂ, ਨਦੀਨਾਂ ਦੀ ਸਮੱਸਿਆ ਤੋਂ ਛੁਟਕਾਰਾ, ਖਾਦਾਂ ਦੀ ਘੱਟ ਵਰਤੋਂ, ਪਾਣੀ ਦੀ ਘੱਟ ਜਰੂਰਤ , ਫ਼ਸਲ ਪੈਦਾਵਾਰ ਵਿੱਚ ਵਾਧਾ ਅਤੇ ਇਸਦੇ ਨਾਲ ਹੀ ਮਿੱਟੀ ਅਤੇ ਵਾਤਾਵਰਨ ਸਵਛਥ ਜਿਸਦੇ ਨਾਲ ਸਾਰੇ ਲੋਕ ਸਿਹਤ ਪੱਖੋਂ ਠੀਕ ਰਹਿਣਗੇ, ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੇ ਕੇ ਬਿਰਲਾ ਮੈਮੋਰੀਅਲ ਸੋਸਾਇਟੀ ਤੋਂ ਰਾਜੇਸ਼ ਜੀ, ਖ਼ੇਤੀ ਵਿਰਾਸਤ ਮਿਸ਼ਨ ਤੋਂ ਮੰਗਲ ਸਿੰਘ ਜੀ, ਹਰਦੀਪ ਸਿੰਘ ਜੀ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਅਤੇ ਕਿਸਾਨ ਲਾਭ ਸਿੰਘ,ਕੁਲਦੀਪ ਸਿੰਘ ਸਿੰਘ, ਜੈ ਸਿੰਘ , ਗੁਰਚਰਨ ਸਿੰਘ ਅਤੇ ਹੋਰ ਕਿਸਾਨ ਸ਼ਾਮਿਲ ਸਨ।
