ਦਾਹੋਦ,27-12-22 (Press Ki Taquat)-ਗੁਜਰਾਤ ਦੇ ਦਾਹੋਦ ਜ਼ਿਲ੍ਹੇ ’ਚ ਇਕ ਸਰਕਾਰੀ ਸਕੂਲ ’ਚ ਲੋਹੇ ਦਾ ਗੇਟ ਡਿੱਗ ਗਿਆ। ਗੇਟ ਦੇ ਹੇਠਾਂ ਆਉਣ ਨਾਲ 8 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਰਾਮਪੁਰ ਪਿੰਡ ਦੇ ਪ੍ਰਾਇਮਰੀ ਸਕੂਲ ’ਚ ਵਾਪਰੀ ਅਤੇ ਜ਼ਖ਼ਮੀ ਲੜਕੀ ਦੀ ਬੀਤੇ ਸ਼ੁੱਕਰਵਾਰ ਨੂੰ ਅਹਿਮਦਾਬਾਦ ’ਚ ਇਲਾਜ ਦੌਰਾਨ ਮੌਤ ਹੋ ਗਈ।
ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ ਮਯੂਰ ਪਾਰੇਖ ਨੇ ਦੱਸਿਆ ਕਿ ਲੋਹੇ ਦਾ ਭਾਰੀ ਗੇਟ ਵਿਦਿਆਰਥਣ ’ਤੇ ਉਸ ਸਮੇਂ ਡਿੱਗ ਗਿਆ, ਜਦੋਂ ਉਹ ਗੇਟ ਦੇ ਨੇੜੇ ਖੇਡ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਗੇਟ ਦੀ ਲਪੇਟ ’ਚ ਆਉਣ ਨਾਲ ਵਿਦਿਆਰਥਣ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਸੀ। ਇਸ ਘਟਨਾ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

